ਅਕਾਲੀ-ਭਾਜਪਾ ਕਾਰਕੁਨਾਂ ਵਲੋਂ ਵਿਧਾਨ ਸਭਾ ਦਾ ਘਿਰਾਉ
ਪ੍ਰਦਸ਼ਨਕਾਰੀਆਂ ਨੂੰ ਰੋਕਣ ਲਈ ਐਸ.ਐਸ.ਪੀ. ਨੇ ਖ਼ੁਦ ਸੰਭਾਲੀ ਕਮਾਨ
ਵਿਧਾਨ ਸਭਾ ਦਾ ਘਿਰਾਉ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਨੇਤਾਵਾਂ ਨੂੰ ਪੁਲਿਸ ਨੇ ਸੈਕਟਰ-25 ਸਥਿਤ ਰੈਲੀ ਮੈਦਾਨ ਤੋਂ ਅੱਗੇ ਨਹੀਂ ਵਧਣ ਦਿਤਾ। ਪੁਲਿਸ ਦੀ ਕਮਾਨ ਖ਼ੁਦ ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਦੇ ਹੱਥ ਵਿਚ ਸੀ। ਰੈਲੀ ਸਬੰਧੀ ਪੁਲਿਸ ਵਲੋਂ ਪੂਰੀਆਂ ਤਿਆਰੀਆਂ ਕੀਤੀ ਗਈਆਂ ਸਨ। ਸੀ.ਆਰ.ਪੀ.ਐਫ਼. ਦੀ ਟੁਕੜੀ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪੁਲਿਸ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਵੇਰੇ ਤੋਂ ਹੀ ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਮੌਕੇ ਮੌਜੂਦ ਸਨ ਅਤੇ ਅਖੀਰ ਤਕ ਅਪਣੇ ਅਧਿਕਾਰੀਆਂ ਨਾਲ ਉਥੇ ਡੱਟੀ ਰਹੀ। ਇਸ ਦੇ ਨਾਲ ਹੀ ਐਸ.ਡੀ.ਐਮ. (ਈਸਟ) ਅਤੇ ਐਸ.ਡੀ.ਐਮ. (ਸੈਂਟਰਲ) ਵੀ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਣ ਲਈ ਉਥੇ ਮੌਜੂਦ ਸਨ। ਦੋਵੇਂ ਨੌਜਵਾਨ ਐਸ.ਡੀ.ਐਮਜ਼. ਨੂੰ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਵਿਚ ਮੁਸ਼ੱਕਤ ਕਰਦੇ ਹੋਏ ਵੇਖਿਆ ਗਿਆ।
ਐਸ.ਡੀ.ਐਮ. (ਈਸਟ) ਤਾਂ ਖ਼ੁਦ ਪਾਣੀ ਦੀ ਪਾਈਪ ਨੂੰ ਚੁਕਦੇ ਨਜ਼ਰ ਆਏ ਅਤੇ ਉਨ੍ਹਾਂ ਕਰਮਚਾਰੀਆਂ ਦੀ ਮਦਦ ਕੀਤੀ। ਉਥੇ ਹੀ ਅਕਾਲੀ-ਭਾਜਪਾ ਨੇਤਾ ਵਿਧਾਨ ਸਭਾ ਤਕ ਨਾ ਪਹੁੰਚਣ, ਇਸ ਲਈ ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਸਨ। ਇੰਟੈਲੀਜੈਂਸ, ਸੀ.ਆਈ.ਡੀ., ਟ੍ਰੈਫ਼ਿਕ ਪੁਲਿਸ, ਪੀਸੀਆਰ, ਆਈ.ਆਰ.ਬੀ. ਟੀਮ ਸਮੇਤ ਸਬੰਧਤ ਥਾਣਾ ਅਤੇ ਚੌਕੀ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ। ਇਸ ਦੌਰਾਨ ਜਬਰਦਸਤੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇਤਾਵਾਂ 'ਤੇ ਪੁਲਿਸ ਨੇ ਹਲਕੇ ਜ਼ੋਰ ਦੀ ਵਰਤੋਂ ਕੀਤੀ ਅਤੇ ਪਾਣੀ ਦੀਆਂ ਬੁਛਾਰਾਂ ਛੱਡੀਆਂ। ਇਸ ਦੇ ਬਾਵਜੂਦ ਅਕਾਲੀ ਨੇਤਾ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ। ਪੁਲਿਸ ਨੇ ਬਾਅਦ ਵਿਚ ਮੁੱਖ ਨੇਤਾਵਾਂ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਕੇਂਦਰੀ ਮੰਤਰੀ ਵਿਜੇ ਸਾਂਪਲਾ ਸਮੇਤ ਸੈਂਕੜੇ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਬਸਾਂ ਵਿਚ ਉਨ੍ਹਾਂ ਨੂੰ ਪੁਲਿਸ ਥਾਣੇ ਲਿਜਾਇਆ ਗਿਆ।