'ਲਹਿਰ ਦਾ ਰੂਪ ਧਾਰਨ ਕਰ ਚੁੱਕੈ ਸਪੋਕਸਮੈਨ'
ਬੀਬੀ ਇੰਦਰਜੀਤ ਕੌਰ ਨੇ ਦਸਿਆ ਕਿ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਪ੍ਰੇਰਣਾ ਉਸ ਨੂੰ 'ਉਚਾ ਦਰ ਬਾਬੇ ਨਾਨਕ ਦਾ' ਤੋਂ ਮਿਲੀ।
'ਉਚਾ ਦਰ ਬਾਬੇ ਨਾਨਕ ਦਾ' ਦੇ ਮੈਂਬਰ ਸਵਰਗੀ ਡਾਕਟਰ ਕਲਿਆਣ ਸਿੰਘ ਦੀ ਧੀ ਬੀਬੀ ਇੰਦਰਜੀਤ ਕੌਰ ਨੇ ਅਪਣੇ ਪਿਤਾ ਅਤੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਤੋਂ ਪ੍ਰੇਰਣਾ ਲੈ ਕੇ ਜ਼ਰੂਰਤਮੰਦਾਂ ਦੀ ਮਦਦ ਕਰਨ ਦਾ ਕਾਰਜ ਸ਼ੁਰੂ ਕੀਤਾ ਹੋਇਆ ਹੈ। ਮੂਲ ਰੂਪ ਵਿਚ ਦਿਲੀ ਦੀ ਵਸਨੀਕ ਬੀਬੀ ਇੰਦਰਜੀਤ ਕੌਰ ਨੇ ਦਸਿਆ ਕਿ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਪ੍ਰੇਰਣਾ ਉਸ ਨੂੰ 'ਉਚਾ ਦਰ ਬਾਬੇ ਨਾਨਕ ਦਾ' ਤੋਂ ਮਿਲੀ। ਉਨ੍ਹਾਂ ਦਸਿਆ ਕਿ ਉਸ ਦੇ ਪਿਤਾ ਸਵਰਗੀ ਡਾਕਟਰ ਕਲਿਆਣ ਸਿੰਘ ਨੇ ਹਮੇਸ਼ਾ ਹੀ ਲੋੜਵੰਦਾਂ ਦੀ ਹਰ ਪਖੋਂ ਮਦਦ ਕੀਤੀ। ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਕੁੱਝ ਅਜਿਹਾ ਕੀਤਾ ਜਾਵੇ ਜਿਸ ਨਾਲ ਉਹ ਅਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਸਕਣ ਅਤੇ ਉਨ੍ਹਾਂ ਨੂੰ ਰੋਜ਼ਾਨਾ ਸਪੋਕਸਮੈਨ ਦੇ ਵਿਚ ਛਪਦੇ ਲੇਖਾਂ ਨੇ ਇਹ ਰਾਹ ਦਸਿਆ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਇਕ ਅਖ਼ਬਾਰ ਨਹੀਂ ਬਲਕਿ ਇਕ ਅਜਿਹੀ ਲਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ ਜੋ ਸਿੱਖਾਂ ਨੂੰ ਗੁਰੂਆਂ ਦੇ ਸਿਧਾਂਤਾਂ ਨਾਲ ਜੋੜਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ।