ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਖ਼ਰ ਉਹੀ ਹੋਇਆ ਜਿਸ ਦੀ ਉਮੀਦ ਸੀ। ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸ਼ੀਰਵਾਦ ਸਦਕਾ ਪੰਜਾਬ ਕਲਾ ਪ੍ਰੀਸ਼ਦ ਦੇ ਅਹਿਮ ਅਹੁਦੇ..

Surjit Patar

 

ਚੰਡੀਗੜ੍ਹ, 22 ਅਗੱਸਤ (ਜੈ ਸਿੰਘ ਛਿੱਬਰ) : ਆਖ਼ਰ ਉਹੀ ਹੋਇਆ ਜਿਸ ਦੀ ਉਮੀਦ ਸੀ। ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸ਼ੀਰਵਾਦ ਸਦਕਾ ਪੰਜਾਬ ਕਲਾ ਪ੍ਰੀਸ਼ਦ ਦੇ ਅਹਿਮ ਅਹੁਦੇ 'ਤੇ ਬਿਰਾਜਮਾਨ ਹੋਈ ਉਘੀ ਐਂਕਰ ਸਤਿੰਦਰ ਸੱਤੀ ਨੂੰ ਲਾਂਭੇ ਕਰਦਿਆਂ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਕਲਾ ਪ੍ਰੀਸ਼ਦ ਦਾ ਮੈਂਬਰ ਨਿਯੁਕਤ ਕਰ ਦਿਤਾ ਹੈ। ਵੈਸੇ ਵੀ ਸਿਆਸਤ ਦਾ ਦਸਤੂਰ ਹੈ ਕਿ ਸੱਤਾ ਪਲਟਣ ਤੋਂ ਬਾਅਦ ਸਿਆਸੀ ਮੇਹਰਬਾਨੀ ਵਾਲੀ ਕੁਰਸੀ 'ਤੇ ਸੱਤਾ ਧਿਰ ਬਹੁਤਾ ਚਿਰ ਵਿਰੋਧੀ ਨੂੰ ਟਿੱਕ ਕੇ ਬੈਠਣ ਨਹੀਂ ਦਿੰਦੀ।
ਪੰਜਾਬ 'ਚ ਸੱਤਾ ਪਰਵਰਤਨ ਤੋਂ ਬਾਅਦ ਸਿਆਸੀ ਲਾਹਾ ਲੈਣ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਦੁਆਰਾ ਪੰਜਾਬ ਕਲਾ ਪ੍ਰੀਸ਼ਦ ਦੀ ਨਿਯੁਕਤ ਕੀਤੀ ਸਤਿੰਦਰ ਸੱਤੀ ਨੂੰ ਚੇਅਰਪਰਸਨ ਦੇ ਅਹੁਦੇ ਤੋਂ ਹਟਾਉਣ ਲਈ ਪੰਜਾਬੀ ਸਾਹਿਤ ਦੀ ਉਚ ਦੁਮਾਲੜੀ ਸ਼ਖ਼ਸੀਅਤ ਸੁਰਜੀਤ ਪਾਤਰ ਨੂੰ ਕੌਂਸਲ ਦਾ ਚੇਅਰਮੈਨ ਨਾਮਜ਼ਦ ਕਰ ਦਿਤਾ ਹੈ। ਹਾਲਾਂਕਿ ਸੁਰਜੀਤ ਪਾਤਰ ਨੂੰ ਰਸਮੀ ਤੌਰ 'ਤੇ ਕੌਂਸਲ ਦੀ ਹੋਣ ਵਾਲੀ ਮੀਟਿੰਗ ਵਿਚ ਚੇਅਰਮੈਨ ਚੁਣਿਆ ਜਾਵੇਗਾ। ਸੱਤੀ ਦੀ ਨਿਯੁਕਤੀ 'ਤੇ ਉਸ ਸਮੇਂ ਹੀ ਪੰਜਾਬ ਦੇ ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ ਨੇ ਵਿਰੋਧ ਦਰਜ ਕਰਵਾਇਆ ਸੀ। ਅਕਾਲੀ ਭਾਜਪਾ ਸਰਕਾਰ ਨੂੰ ਇਸ ਦਾ ਲਾਭ ਹੋਣ ਦੀ ਬਜਾਏ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਲਟਾ ਸਤਿੰਦਰ ਸੱਤੀ 'ਤੇ ਅਕਾਲੀ ਹੋਣ ਦੀ “ਅਕਾਲੀ” ਹੋਣ ਦੀ ਮੋਹਰ ਲੱਗ ਗਈ।
ਬੁੱਧੀਜੀਵੀਆਂ ਦੀ ਦਲੀਲ ਸੀ ਕਿ ਸਤਿੰਦਰ ਸੱਤੀ ਕੌਂਸਲ ਦੀ ਚੇਅਰਪਰਸਨ ਦੇ ਅਹੁਦੇ ਦੇ ਕਾਬਲ ਨਹੀਂ, ਕਿਉਂਕਿ ਇਸ ਅਹੁਦੇ 'ਤੇ ਵੱਡੇ ਬੁੱਧੀਜੀਵੀ ਡਾ. ਐਮ.ਐਸ ਰੰਧਾਵਾ, ਡਾ. ਹਰਚਰਨ ਸਿੰਘ, ਗੁਲਜ਼ਾਰ ਸਿੰਘ ਸੰਧੂ ਆਦਿ ਚੇਅਰਮੈਨ ਰਹਿ ਚੁੱਕੇ ਹਨ।  ਸੂਤਰ
ਦਸਦੇ ਹਨ ਕਿ ਸਤਿੰਦਰ ਸੱਤੀ ਨੇ ਅਪਣੀ ਕੁਰਸੀ ਬਚਾਉਣ ਲਈ ਕਾਫ਼ੀ ਜਦੋ ਜਹਿਦ ਵੀ ਕੀਤੀ। ਪਿਛਲੇ ਸਮੇਂ ਦੌਰਾਨ ਕਈ ਪ੍ਰੋਗਰਾਮ ਵੀ ਕਰਵਾਏ, ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੂੰ ਬਤੌਰ ਮੁੱਖ ਮਹਿਮਾਨ ਵੀ ਸਮਾਗਮਾ 'ਚ ਬੁਲਾਇਆ ਸੀ। ਪਰ ਨਵਜੋਤ ਸਿੱਧੂ ਨੇ ਪਹਿਲੇ ਦਿਨ ਤੋਂ ਹੀ ਸੱਤੀ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਠਾਣ ਰੱਖੀ ਸੀ। ਦਿਲਚਸਪ ਗੱਲ ਇਹ ਹੈ ਕਿ ਨਵਜੋਤ ਸਿੱਧੂ ਵਲੋਂ ਜਦੋਂ ਕਲਚਰ ਪਾਲਸੀ ਬਣਾਉਣ ਲਈ ਪਲੇਠੀ ਮੀਟਿੰਗ ਬੁਲਾਈ ਸੀ, ਉਸ ਵਿਚ ਸਤਿੰਦਰ ਸੱਤੀ ਨੂੰ ਮੀਟਿੰਗ ਤੋਂ ਦੂਰ ਰੱਖਿਆ ਸੀ। ਉਸੀ ਦਿਨ ਤੋਂ ਅੰਦਾਜ਼ਾ ਹੋ ਗਿਆ ਸੀ ਕਿ ਸੱਤੀ ਨੂੰ ਇਸ ਅਹੁਦੇ ਤੋਂ ਹਟਾ ਦਿਤਾ ਜਾਵੇਗਾ।