ਬੱਚੀ ਨੇ ਆਪਣੇ ਖ਼ੂਨ ਨਾਲ ਮੋਦੀ ਨੂੰ ਕਿਉਂ ਲਿਖੀ ਚਿੱਠੀ ?
ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਕਹਿ ਲਈਏ ਜਾਂ ਸਰਕਾਰੀ ਅਫਸਰਾਂ ਦੀ ਧੱਕੇਸ਼ਾਹੀ ਪਰ ਆਈ ਖ਼ਬਰ ਨੇ ਸਰਕਾਰੀ ਤੰਤਰ ਵਿੱਚ ਫਸੇ ਆਮ ਆਦਮੀ ਦੀ ਦਰਦਨਾਕ ਕਹਾਣੀ ਨੂੰ ਬਿਆਨ ਕੀਤਾ ਹੈ
ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਕਹਿ ਲਈਏ ਜਾਂ ਸਰਕਾਰੀ ਅਫਸਰਾਂ ਦੀ ਧੱਕੇਸ਼ਾਹੀ ਪਰ ਆਈ ਖ਼ਬਰ ਨੇ ਸਰਕਾਰੀ ਤੰਤਰ ਵਿੱਚ ਫਸੇ ਆਮ ਆਦਮੀ ਦੀ ਦਰਦਨਾਕ ਕਹਾਣੀ ਨੂੰ ਬਿਆਨ ਕੀਤਾ ਹੈ ਜਿਸ ਵਿੱਚ ਇੱਕ 13 ਸਾਲਾਂ ਦੀ ਕਿਰਨਦੀਪ ਕੌਰ ਨੂੰ ਹੱਕ ਲੈਣ ਲਈ ਪ੍ਰਧਾਨ ਮੰਤਰੀ ਨੂੰ ਆਪਣੇ ਖੂਨ ਨਾਲ ਚਿੱਠੀ ਲਿਖਣੀ ਪਈ।
ਕਿਰਨਦੀਪ ਕੌਰ ਦੇ ਪਿਤਾ ਨੇ ਕਰਜ਼ਾ ਚੁੱਕ ਕੇ ਇੱਕ ਮਕਾਨ ਬਣਾਇਆ ਸੀ ਜਿਸ ਦੀ ਹੇਠਲੀ ਮੰਜ਼ਿਲ ਉਹਨਾਂ ਨੇ ਸੀ.ਡੀ.ਪੀ.ਓ. ਦਫਤਰ ਮਮਦੋਟ ਨੂੰ ਕਿਰਾਏ `ਤੇ ਦਿੱਤੀ ਸੀ ਤਾਂ ਜੋ ਉਹਨਾਂ ਨੂੰ ਕਰਜ਼ੇ ਦੀ ਕਿਸ਼ਤ ਭਰਨੀ ਆਸਾਨ ਰਹੇ। ਪਰ ਤਿੰਨ ਸਾਲ ਤੱਕ ਸੀ.ਡੀ.ਪੀ.ਓ. ਦਫਤਰ ਨੇ ਕੋਈ ਕਿਰਾਇਆ ਅਦਾ ਨਹੀਂ ਕੀਤਾ ਜਿਸ ਨੇ ਉਹਨਾਂ ਦੇ ਪਰਿਵਾਰ ਲਈ ਮਾਨਸਿਕ ਪੀੜਾ ਪੈਦਾ ਕਰ ਦਿੱਤੀ। ਹਰ ਕੋਸ਼ਿਸ਼ ਵਿਅਰਥ ਹੋਣ ਤੋਂ ਬਾਅਦ ਕਿਰਨ ਦੀਪ ਨੇ ਆਪਣੇ ਖੂਨ ਨਾਲ ਇੱਕ ਚਿੱਠੀ ਲਿਖ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ।
ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਫਤਰ ਦੇ ਦਖਲ ਦੇਣ `ਤੇ ਕਿਰਨਦੀਪ ਦੇ ਪਿਤਾ ਨੂੰ ਕਿਰਾਇਆ ਤਾਂ ਮਿਲ ਗਿਆ ਪਰ ਅੱਜ ਓਹੀ ਸਥਿਤੀ ਦੁਬਾਰਾ ਫਿਰ ਖੜ੍ਹੀ ਹੋ ਗਈ ਹੈ ਕਿ ਕਿਰਨਦੀਪ ਨੇ 15 ਅਗਸਤ ਆਜ਼ਾਦੀ ਦਿਹਾੜੇ `ਤੇ ਮੁੜ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ। ਦਫਤਰ ਵੱਲ੍ਹ ਬਿਜਲੀ ਬਿਲ ਦੀ ਰਾਸ਼ੀ 1.5 ਲੱਖ ਰੁ. ਬਣ ਚੁੱਕੀ ਹੈ ਅਤੇ ਇਹਨਾਂ ਸਾਰੀਆਂ ਮੁਸ਼ਕਿਲਾਂ ਨੇ ਕਿਰਨਦੀਪ ਦੇ ਮਾਤਾ-ਪਿਤਾ ਨੂੰ ਸਰੀਰਿਕ ਅਤੇ ਮਾਨਸਿਕ ਰੋਗੀ ਜਿਹਾ ਬਣਾ ਦਿੱਤਾ ਹੈ।
ਇਸ ਮਾਮਲੇ ਦੀ ਦਿਲਚਸਪ ਅਤੇ ਸ਼ਰਮਨਾਕ ਗੱਲ ਇਹ ਹੈ ਸਰਕਾਰ ਦੇ ਸੀ.ਡੀ.ਪੀ.ਓ. ਦਫਤਰ ਦਾ ਕੰਮ ਹੁੰਦਾ ਹੀ ਗਰੀਬਾਂ ਅਤੇ ਲੋੜਵੰਦਾਂ ਦੇ ਹੱਕਾਂ ਦੀ ਰਾਖੀ ਕਰਨਾ ਪਰ ਫਿਰੋਜ਼ਪੁਰ ਦੇ ਮਮਦੋਟ ਦਫਤਰ ਦੀ ਨਾਇਨਸਾਫੀ ਦਾ ਸ਼ਿਕਾਰ ਪਰਿਵਾਰ ਥੱਕ ਹਾਰ ਕੇ ਹੁਣ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾ ਰਿਹਾ ਹੈ।