ਪੰਜਾਬ, ਚੰਡੀਗੜ੍ਹ ਸਮੇਤ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਹੋਲੀ ਦਾ ਤਿਉਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੇ ਆਪਣੇ ਜਾਣ ਪਛਾਣ ਵਾਲਿਆਂ 'ਤੇ ਰੰਗ ਸੁੱਟ ਕੇ ਹੋਲੀ ਮਨਾਈ

Holi festival celebrated in Chandigarh

ਚੰਡੀਗੜ੍ਹ : ਦੇਸ਼ ਭਰ 'ਚ ਰੰਗਾਂ ਦਾ ਤਿਉਹਾਰ ਹੋਲੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਕਿਸੇ ਥਾਂ ਫੁੱਲਾਂ, ਕਿਸੇ ਥਾਂ ਰੰਗਾਂ ਅਤੇ ਕਿਤੇ ਟਮਾਟਰਾਂ ਨਾਲ ਹੋਲੀ ਖੇਡੀ ਗਈ। ਇਹ ਕਿਸੇ ਜਾਤੀ ਨਾਲ ਜੁੜਿਆ ਤਿਉਹਾਰ ਨਹੀਂ ਬਲਕਿ ਸਭ ਜਾਤਾਂ ਅਤੇ ਗੋਤਾਂ ਦੇ ਲੋਕ ਇਸ ਨੂੰ ਮਿਲ ਕੇ ਭਾਵਨਾਂ ਨਾਲ ਮਨਾਉਂਦੇ ਹਨ।

ਇਸ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਰੰਗਾਂ ਨਾਲ ਇੱਕ ਦੂਜੇ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਹਨ। ਰੰਗਾਂ ਦਾ ਇਹ ਤਿਉਹਾਰ ਅਕਸਰ ਮਾਰਚ ਮਹੀਨੇ 'ਚ ਆਉਂਦਾ ਹੈ। ਇਹ ਤਿਉਹਾਰ ਹਰ ਧਰਮ ਦੇ ਲੋਕਾਂ ਵੱਲੋਂ ਆਪੋ-ਆਪਣੇ ਢੰਗ-ਤਰੀਕਿਆਂ ਤੇ ਰਸਮਾਂ-ਰਿਵਾਜਾਂ ਮੁਤਾਬਕ ਮਨਾਇਆ ਜਾਂਦਾ ਹੈ।

ਅੱਜ ਸਵੇਰ ਤੋਂ ਹੀ ਲੋਕਾਂ ਨੇ ਆਪਣੇ ਜਾਣ ਪਛਾਣ ਵਾਲਿਆਂ 'ਤੇ ਰੰਗ ਸੁੱਟ ਕੇ ਹੋਲੀ ਮਨਾਈ ਹੈ। ਚੰਡੀਗੜ੍ਹ 'ਚ ਸਥਾਨਕ ਲੋਕਾਂ ਵੱਲੋਂ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਚੰਡੀਗੜ੍ਹ ਦੇ ਗੇੜੀ ਰੂਟ, ਸੁਖਨਾ ਝੀਲ, ਕਾਲਜ ਅਤੇ ਪੀ.ਯੂ. 'ਚ ਨੌਜਵਾਨ-ਮੁੰਡੇ ਕੁੜੀਆਂ ਖੂਬ ਹੋਲੀ ਖੇਡਦੇ ਹਨ। ਹੋਲੀ ਦੇ ਤਿਉਹਾਰ ਦੀਆਂ ਰੌਣਕਾਂ ਅੱਜ ਹਰ ਸ਼ਹਿਰ 'ਚ ਖੂਬ ਵੇਖਣ ਨੂੰ ਮਿਲੀਆਂ ਹਨ। ਜਿਸ ਲਈ ਨੌਜਵਾਨ ਸਵੇਰ ਤੋਂ ਹੀ ਮੋਟਰਸਾਈਕਲਾਂ-ਕਾਰਾਂ ਉੱਤੇ ਸੜਕਾਂ 'ਤੇ ਘੁੰਮਦੇ ਨਜ਼ਰ ਆਏ ਹਨ। ਅੱਜ ਦੇ ਦਿਨ ਬੱਚੇ, ਨੌਜਵਾਨ,ਔਰਤਾਂ ਤੇ ਬਜ਼ੁਰਗ ਵੀ ਕਿਸੇ ਤੋਂ ਪਿੱਛੇ ਨਹੀਂ ਸਨ।

ਪੁਲਿਸ ਵੀ ਰਹੀ ਮੁਸਤੈਦ : ਇਸ ਤਿਉਹਾਰ ਦਾ ਜਿੱਥੇ ਕੁਝ ਲੋਕ ਅਨੰਦ ਮਾਣਦੇ ਵੇਖੇ ਗਏ ਉੱਥੇ ਹੀ ਕੁਝ ਨੌਜਵਾਨਾਂ ਨੇ ਹੁੱਲੜਬਾਜ਼ੀ ਵੀ ਕੀਤੀ ਅਤੇ ਇਸ ਸਭ ਨੂੰ ਨੱਥ ਪਾਉਣ ਲਈ ਸ਼ਹਿਰ ਦੇ ਵੱਖ -ਵੱਖ ਚੌਕਾਂ 'ਤੇ ਪੁਲਿਸ ਵੱਲੋਂ ਨਾਕਾਬੰਦੀ ਵੀ ਕੀਤੀ ਗਈ।ਇਸ ਨੂੰ ਲੈ ਕੇ ਸੂਬੇ ਦੀ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਨੇ ਲੋਕਾਂ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਹੋਲੀ ਦੇ ਤਿਉਹਾਰ 'ਤੇ ਕਿਸੇ ਨੇ ਆਂਡੇ ਮਾਰੇ ਤਾਂ ਚੰਡੀਗੜ੍ਹ ਪੁਲਿਸ ਉਸ ਦੇ ਵਿਰੁੱਧ ਤੁਰੰਤ ਕਾਰਵਾਈ ਹੋਵੇਗੀ।