ਸੌਦਾ ਸਾਧ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਲਈ ਐਸਆਈਟੀ ਨੂੰ ਅਦਾਲਤ ਵਲੋਂ ਹਰੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿਚ ਰਾਮ ਰਹੀਮ ਤੋਂ ਜੇਲ੍ਹ ਵਿਚ ਐਸਆਈਟੀ ਵਲੋਂ ਹੋਵੇਗੀ ਪੁੱਛਗਿੱਛ

Ram Rahim

ਫਰੀਦਕੋਟ : ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ਵਿਚ ਜਾਂਚ ਕਰ ਰਹੀ ਐਸਆਈਟੀ ਵਲੋਂ ਹੁਣ ਸੌਦਾ ਸਾਧ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ ਜਾਵੇਗੀ। ਫਰੀਦਕੋਟ ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ ਨੂੰ ਸੌਦਾ ਸਾਧ ਤੋਂ ਪੁੱਛਗਿੱਛ ਕਰਨ ਦੀ ਮਨਜ਼ੂਰੀ ਦੇ ਦਿਤੀ ਹੈ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਚ ਹੋਈ ਬੇਅਦਬੀ ਮਾਮਲੇ ਵਿਚ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਦੇ ਚੱਲਦਿਆਂ ਅਤੇ ਤਫ਼ਤੀਸ਼ ਵਿਚ ਵਾਰ-ਵਾਰ ਡੇਰਾ ਸਿਰਸਾ ਦੀ ਸ਼ਮੂਲੀਅਤ ਦਾ ਜ਼ਿਕਰ ਹੋਣ ਕਾਰਨ ਸੌਦਾ ਸਾਧ ਤੋਂ ਪੁੱਛਗਿੱਛ ਕਰਨ ਲਈ ਇਜਾਜ਼ਤ ਮੰਗੀ ਸੀ,

ਜਿਸ ’ਤੇ ਅਦਾਲਤ ਨੇ ਅਪਣੀ ਸਹਿਮਤੀ ਦਿੰਦਿਆਂ ਵਿਸ਼ੇਸ਼ ਜਾਂਚ ਟੀਮ ਨੂੰ ਅੱਗੇ ਵੱਧਣ ਲਈ ਲੋੜੀਂਦੀ ਆਗਿਆ ਦੇ ਦਿਤੀ ਹੈ। ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿਚ ਸਜ਼ਾ ਕੱਟ ਰਿਹਾ ਹੈ। ਐਸਆਈਟੀ ਕਿਸੇ ਵੇਲੇ ਵੀ ਉਸ ਕੋਲੋਂ ਜੇਲ੍ਹ ਵਿਚ ਜਾ ਕੇ ਪੁੱਛਗਿੱਠ ਕਰ ਸਕਦੀ ਹੈ। ਐਸਆਈਟੀ ਮੁਖੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਮੁਤਾਬਕ ਅਦਾਲਤ ਨੇ ਰਾਮ ਰਹੀਮ ਤੋਂ ਪੁੱਛਗਿੱਛ ਦੀ ਮਨਜ਼ੂਰੀ ਦੇ ਦਿਤੀ ਹੈ ਅਤੇ ਹੁਣ ਟੀਮ ਉਸ ਤੋਂ ਜੇਲ੍ਹ 'ਚ ਜਾ ਕੇ ਪੁੱਛਗਿੱਛ ਕਰੇਗੀ।