Punjab Corona Updates: 24 ਘੰਟਿਆਂ 'ਚ ਆਏ ਕੋਰੋਨਾ ਦੇ 2587 ਨਵੇਂ ਪਾਜ਼ੇਟਿਵ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਮੇਂ ਜ਼ਿਲ੍ਹਾ ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ ਤੇ ਹੁਸ਼ਿਆਰਪੁਰ ਕੋਰੋਨਾ ਹਾਟ ਸਪਾਟ ਬਣੇ ਹੋਏ ਹਨ।

corona case

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਅਤੇ ਪਿਛਲੇ ਬੀਤੇ 24 ਘੰਟੇ ਵਿਚ ਨਵੇਂ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 2500 ਤੋਂ ਪਾਰ ਕਰ ਗਿਆ ਹੈ। 2587 ਨਵੇਂ ਪਾਜ਼ੇਟਿਵ ਮਾਮਲੇ ਦਰਜ ਹੋਏ ਹਨ। ਅੱਜ ਦੂਜੇ ਦਿਨ ਵੀ ਲਗਾਤਾਰ 38 ਮੌਤਾਂ ਹੋਈਆਂ ਹਨ। ਬੀਤੇ ਦਿਨ ਵੀ ਇਹੀ ਅੰਕੜਾ ਸੀ। ਇਸ ਸਮੇਂ ਜ਼ਿਲ੍ਹਾ ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ ਤੇ ਹੁਸ਼ਿਆਰਪੁਰ ਕੋਰੋਨਾ ਹਾਟ ਸਪਾਟ ਬਣੇ ਹੋਏ ਹਨ।

ਬੀਤੇ ਦਿਨੀ  ਸਭ ਤੋਂ ਵੱਧ ਮੋਹਾਲੀ ਵਿਚ 385, ਜਲੰਧਰ ਵਿਚ 380, ਲੁਧਿਆਣਾ ਵਿਚ 329, ਪਟਿਆਲਾ ਵਿਚ 256 ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ 238 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਇਸੇ ਤਰ੍ਹਾਂ ਮੌਤਾਂ ਦੇ ਮਾਮਲਿਆਂ ਵਿਚ ਜਲੰਧਰ ਵਿਚ 11, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਵਿਚ 4-4, ਗੁਰਦਾਸਪੁਰ ਤੇ ਪਟਿਆਲਾ ਵਿਚ 3-3, ਬਰਨਾਲਾ, ਸੰਗਰੂਰ, ਲੁਧਿਆਣਾ, ਤਰਨਤਾਰਨ ਤੇ ਮੋਗਾ ਵਿਚ 2-2 ਅਤੇ ਫ਼ਾਜ਼ਿਲਕਾ ਵਿਚ ਕੋਰੋਨਾ ਨਾਲ ਇਕ ਜਾਨ ਗਈ ਹੈ। 

ਜ਼ਿਕਰਯੋਗ ਹੈ ਕਿ ਹਾਲੇ ਮਾਲਵਾ ਦੇ ਜ਼ਿਲ੍ਹੇ ਬਠਿੰਡਾ, ਸੰਗਰੂਰ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਰਨਾਲਾ, ਮਾਨਸਾ ਤੇ ਰੋਪੜ ਵਿਚ ਕਾਫ਼ੀ ਘੱਟ ਮਾਮਲੇ ਆ ਰਹੇ ਹਨ। ਮਾਲਵਾ ਦੇ ਕੁੱਝ ਖੇਤਰਾਂ ਨੂੰ ਛੱਡ ਕੇ ਦੋਆਬਾ ਤੇ ਮਾਝਾ ਖੇਤਰ ਵਿਚ ਇਸ ਵਾਰ ਕੋਰੋਨਾ ਜ਼ਿਆਦਾ ਫੈਲ ਰਿਹਾ ਹੈ।

ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਕਈ ਸਕੂਲ ਖੁਲ੍ਹੇ
ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਮਾਮਲੇ ਵਧਣ ਕਾਰਨ ਪਹਿਲਾ ਭਾਵੇਂ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਕਲਾਸਾਂ ਬੰਦ ਕੀਤੀਆਂ ਸਨ ਪਰ ਸਥਿਤੀ ਨੂੰ ਦੇਖਦਿਆਂ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਦਿਅਕ ਅਦਾਰੇ ਸਮੇਤ ਕਾਲਜ 31 ਮਾਰਚ ਤਕ ਬੰਦ ਕਰਨ ਤੇ ਸਿਰਫ਼ ਅਧਿਆਪਕਾਂ ਦੀ ਹਾਜ਼ਰੀ ਦੇ ਹੁਕਮ ਦਿਤੇ ਸਨ ਪਰ ਇਸ ਦੇ ਬਾਵਜੂਦ ਅੱਜ ਸੂਬੇ ਵਿਚ ਕਈ ਵੱਡੇ ਸਕੂਲਾ ਵਿਚ ਵਿਦਿਆਰਥੀਆਂ ਦੀਆਂ ਕਲਾਸਾਂ ਲੱਗੀਆਂ। ਮੁੱਖ ਮੰਤਰੀ ਨੇ ਜ਼ਿਲ੍ਹੇ ਪਟਿਆਲਾ ਵਿਚ ਪੈਂਦਾ ਪਬਲਿਕ ਸਕੂਲ, ਨਾਭਾ ਤੇ ਪਟਿਆਲਾ ਵਿਚ ਹੀ ਡੀ.ਏ.ਵੀ. ਆਦਿ ਸਕੂਲ ਖੁਲ੍ਹੇਆਮ ਹੁਕਮਾਂ ਦੀ ਉਲੰਘਣਾ ਕਰ ਕੇ ਕਲਾਸਾਂ ਲਾ ਰਹੇ ਹਨ।