ਅੰਮ੍ਰਿਤਸਰ ਦੇ ਰਹਿਣ ਵਾਲੇ ਸਿੱਖ ਨੌਜਵਾਨ ਦਾ ਅਨੋਖਾ ਕਾਰਨਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

20 ਘੰਟੇ ਤੱਕ ਬਿਨਾਂ ਹੱਥ ਪੈਰ ਮਾਰੇ ਪਾਣੀ ’ਤੇ ਤੈਰਨ ਦਾ ਦਾਅਵਾ

Jujhar Singh

ਅੰਮ੍ਰਿਤਸਰ: (ਰਾਜੇਸ਼ ਕੁਮਾਰ) ਤੁਸੀਂ ਪਾਣੀ ’ਤੇ ਤੈਰਨ ਵਾਲੇ ਬਹੁਤ ਸਾਰੇ ਲੋਕ ਦੇਖੇ ਹੋਣਗੇ ਪਰ ਕੀ ਤੁਸੀਂ ਕਦੇ ਅਜਿਹਾ ਸਖ਼ਸ਼ ਦੇਖਿਆ ਜੋ 125 ਕਿਲੋ ਵਜ਼ਨ ਹੋਣ ਦੇ ਬਾਵਜੂਦ ਪਾਣੀ ਦੀ ਸਤ੍ਹਾ ’ਤੇ ਕਈ ਘੰਟੇ ਤਕ ਫੁੱਲਾਂ ਵਾਂਗ ਤੈਰਦਾ ਹੋਵੇ, ਉਹ ਵੀ ਬਿਨਾਂ ਅਪਣੇ ਹੱਥ ਪੈਰ ਮਾਰੇ। ਹੋ ਗਏ ਨਾ ਹੈਰਾਨ?

 

ਜੀ ਹਾਂ...ਇਹ ਕਾਰਨਾਮਾ ਕਰਨ ਵਾਲੇ ਇਸ ਸਖ਼ਸ਼ ਦਾ ਨਾਮ ਜੁਝਾਰ ਸਿੰਘ ਹੈ, ਜੋ ਗੁਰੂ ਨਗਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਤਸਵੀਰਾਂ ਵਿਚ ਤੁਸੀਂ ਇਸ ਸਖ਼ਸ਼ ਨੂੰ ਪਾਣੀ ਦੀ ਸਤ੍ਹਾ ’ਤੇ ਆਰਾਮ ਨਾਲ ਲੇਟਿਆ ਹੋਇਆ ਦੇਖ ਸਕਦੇ ਹੋ ਜੋ ਮੌਜ਼ ਨਾਲ ਕੋਲਡ੍ਰਿਰੰਕ ਪੀਂਦਾ ਹੋਇਆ ਦਿਖਾਈ ਦੇ ਰਿਹਾ ਹੈ।

30 ਸਾਲਾ ਜੁਝਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ 6 ਸਾਲਾਂ ਦਾ ਸੀ ਤਾਂ ਟਿਊਬਵੈੱਲ ’ਤੇ ਨਹਾਉਂਦੇ ਸਮੇਂ ਉਸ ਦਾ ਪੈਰ ਤਿਲਕ ਗਿਆ ਪਰ ਉਹ ਪਾਣੀ ਵਿਚ ਡੁੱਬਣ ਦੀ ਬਜਾਏ ਗੁਬਾਰੇ ਵਾਂਗ ਤੈਰਨ ਲੱਗਿਆ। ਇਸ ਮਗਰੋਂ ਉਸ ਨੇ ਕਈ ਵਾਰ ਅਜਿਹੀ ਕੋਸ਼ਿਸ਼ ਕੀਤੀ ਜੋ ਸਫ਼ਲ ਰਹੀ। ਉਸ ਦਾ ਕਹਿਣਾ ਹੈ ਕਿ ਉਹ 20 ਤੋਂ 25 ਘੰਟੇ ਤਕ ਪਾਣੀ ’ਤੇ ਬਿਨਾਂ ਹੱਥ ਪੈਰ ਮਾਰੇ ਤੈਰ ਕੇ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਹੈ।

ਦੱਸ ਦਈਏ ਕਿ ਜੁਝਾਰ ਸਿੰਘ ਦੇ ਕਾਰਨਾਮੇ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਨੇ ਪਰ ਦੇਖਣਾ ਹੋਵੇਗਾ ਕਿ ਉਸ ਦੇ ਇਸ ਕਾਰਨਾਮੇ ਨੂੰ ਕਦੋਂ ਵੱਡੀ ਪਛਾਣ ਮਿਲਦੀ ਹੈ।