ਹਥਿਆਰਾਂ ਨਾਲ ਲੈਸ ਗੁੰਡਿਆਂ ਵੱਲੋਂ ਦੁਕਾਨ ’ਤੇ ਕਬਜ਼ੇ ਦੀ ਕੋਸ਼ਿਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਕਾਨਦਾਰ ਦਾ ਸਾਰਾ ਸਮਾਨ ਬਾਹਰ ਸੁੱਟਿਆ, ਘਰ ਦੇ ਵੀ ਤਾਲੇ ਤੋੜੇ

Shop

ਫਿਰੋਜ਼ਪੁਰ (ਪਰਮਜੀਤ ਸਿੰਘ ) ਪੰਜਾਬ ਵਿਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਨਿੱਤ ਦਿਨ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ। ਹੁਣ ਫਿਰੋਜ਼ਪੁਰ ਵਿਚ ਵੀ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ

 ਜਦੋਂ ਤਲਵਾਰਾਂ, ਬੇਸਬਾਲ ਅਤੇ ਡਾਂਗਾਂ ਨਾਲ ਲੈਸ ਹੋ ਕੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਆਏ ਗੁੰਡਾ ਅਨਸਰਾਂ ਨੇ ਇਕ ਦੁਕਾਨ ਦਾ ਸਾਰਾ ਸਮਾਨ ਕੱਢ ਕੇ ਬਾਹਰ ਸੁੱਟ ਦਿੱਤਾ ਅਤੇ ਦੁਕਾਨ ਅਤੇ ਮਕਾਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਮਾਰੂ ਹਥਿਆਰਾਂ ਨਾਲ ਲੈਸ ਗੁੰਡਾ ਅਨਸਰਾਂ ਨੂੰ ਸਾਫ਼ ਦੇਖਿਆ ਜਾ ਸਕਦਾ।

ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਦੁਕਾਨਦਾਰ ਦੇਸਰਾਜ ਨੇ ਦੱਸਿਆ ਕਿ ਉਹ ਪਿਸ਼ਾਬ ਕਰਨ ਲਈ ਦੁਕਾਨ ਤੋਂ ਬਾਹਰ ਗਿਆ ਪਰ ਜਦੋਂ ਵਾਪਸ ਆਇਆ ਤਾਂ ਉਸ ਦੀ ਦੁਕਾਨ ਸਾਰਾ ਸਮਾਨ ਕੱਢ ਕੇ ਬਾਹਰ ਸੁੱਟਿਆ ਜਾ ਰਿਹਾ ਸੀ। ਉਸ ਨੇ ਹਮਲਾਵਰਾਂ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਵੀ ਲਗਾਏ।

ਇਸ ਤੋਂ ਇਲਾਵਾ ਹੋਰ ਦੁਕਾਨਦਾਰਾਂ ਨੇ ਵੀ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਦੇ ਵਿਰੁੱਧ ਸੰਘਰਸ਼ ਕਰਨਗੇ ਅਤੇ ਬਜ਼ਾਰ ਵਿਚ ਧਰਨਾ ਲਗਾਉਣਗੇ।

ਉਧਰ ਪੁਲਿਸ ਦਾ ਕਹਿਣਾ ਏ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਦੇਖਣਾ ਹੋਵੇਗਾ ਕਿ ਪੁਲਿਸ ਹਮਲਾਵਰਾਂ ਵਿਰੁੱਧ ਕੀ ਕਾਰਵਾਈ ਕਰਦੀ ਹੈ।