ਅੱਠ ਸੂਬਿਆਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ ਕੁਲ ਮਰੀਜ਼ਾਂ ਦੀ ਗਿਣਤੀ ਹੋਈ ਇ

ਏਜੰਸੀ

ਖ਼ਬਰਾਂ, ਪੰਜਾਬ

ਅੱਠ ਸੂਬਿਆਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ ਕੁਲ ਮਰੀਜ਼ਾਂ ਦੀ ਗਿਣਤੀ ਹੋਈ ਇਕ ਕਰੋੜ 15 ਲੱਖ ਤੋਂ ਉਪਰ

image

ਨਵੀਂ ਦਿੱਲੀ, 20 ਮਾਰਚ : ਰਾਸ਼ਟਰੀ ਰਾਜਧਾਨੀ ਦਿੱਲੀ ਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ 24 ਘੰਟਿਆਂ ਦੌਰਾਨ 40 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਜ਼ਿਆਦਾਤਰ ਮਾਮਲੇ ਇਨ੍ਹਾਂ ਅੱਠ ਸੂਬਿਆਂ ’ਚੋਂ ਹਨ। ਕੇਰਲ ’ਚ ਵੀ ਨਵੇਂ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੈ ਪਰ ਮੌਤਾਂ ਦੇ ਮਾਮਲੇ ’ਚ ਗਿਰਾਵਟ ਵੀ ਤੇਜ਼ੀ ਨਾਲ ਹੋ ਰਹੀ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਅੱਠ ਸੂਬਿਆਂ ਮਹਾਰਾਸ਼ਟਰ, ਤਾਮਿਲਨਾਡੂ, ਪੰਜਾਬ, ਮੱਧ ਪ੍ਰਦੇਸ਼, ਦਿੱਲੀ, ਗੁਜਰਾਤ, ਕਰਨਾਟਕ ਤੇ ਹਰਿਆਣਾ ’ਚ ਲਾਗ ਦੇ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ। ਮੰਤਰਾਲੇ ਵਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ 111 ਦਿਨਾਂ ਬਾਅਦ ਸਾਹਮਣੇ ਆਏ ਸਰਬੋਤਮ 40953 ਨਵੇਂ ਮਾਮਲਿਆਂ ’ਚੋਂ 80 ਫ਼ੀ ਸਦੀ ਜ਼ਿਆਦਾ ਕੇਸ ਇਨ੍ਹਾਂ ਸੂਬਿਆਂ ’ਚ ਮਿਲੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 29 ਨਵੰਬਰ ਨੂੰ 41810 ਨਵੇਂ ਕੇਸ ਸਾਹਮਣੇ ਆਏ ਸਨ। ਨਵੇਂ ਮਾਮਲਿਆਂ ’ਚੋਂ ਸਿਰਫ਼ ਤਿੰਨ ਸੂਬਿਆਂ ਮਹਾਰਾਸ਼ਟਰ ’ਚ 62 ਫ਼ੀ ਸਦੀ, ਕੇਰਲ ’ਚ 8.83 ਫ਼ੀ ਸਦੀ ਤੇ ਪੰਜਾਬ ’ਚ 5.36 ਫ਼ੀ ਸਦੀ ਭਾਵ ਕੁੱਲ 76.22 ਫ਼ੀ ਸਦੀ ਨਵੇਂ ਮਾਮਲੇ ਹਨ। ਮਹਾਰਾਸ਼ਟਰ ’ਚ 25861, ਪੰਜਾਬ ’ਚ 2470, ਕੇਰਲ ’ਚ 1984, ਕਰਨਾਟਕ ’ਚ 1587, ਮੱਧ ਪ੍ਰਦੇਸ਼ ’ਚ 1140 ਤੇ ਦਿੱਲੀ ’ਚ 716 ਨਵੇਂ ਮਰੀਜ਼ ਸਾਹਮਣੇ ਆਏ ਹਨ।
ਮੰਤਰਾਲੇ ਮੁਤਾਬਕ ਕੁੱਲ ਮਰੀਜ਼ਾਂ ਦਾ ਅੰਕੜਾ ਇਕ ਕਰੋੜ 15 ਲੱਖ 55 ਹਜ਼ਾਰ ਨੂੁੰ ਪਾਰ ਕਰ ਗਿਆ ਹੈ। ਇਨ੍ਹਾਂ ’ਚੋਂ ਇਕ ਕਰੋੜ 11 ਲੱਖ 7 ਹਜ਼ਾਰ ਤੋਂ ਵੱਧ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ 159558 ਲੋਕਾਂ ਦੀ ਹੁਣ ਤਕ ਜਾਨ ਗਈ ਹੈ, ਜਿਨ੍ਹਾਂ ’ਚੋਂ ਪਿਛਲੇ ਇਕ ਦਿਨ ’ਚ ਹੋਈਆਂ 188 ਮੌਤਾਂ ਵੀ ਸ਼ਾਮਲ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘੱਟ ਕੇ 96.12 ਫ਼ੀ ਸਦੀ ’ਤੇ ਆ ਗਈ ਹੈ ਤੇ ਮੌਤ ਦਰ 1.38 ’ਤੇ ਬਣੀ ਹੋਈ ਹੈ।     (ਪੀਟੀਆਈ)