ਭੀਖੀ ਰਜਵਾਹੇ ’ਚੋਂ ਮਿਲੇ ਗਊਆਂ ਦੇ ਕਟੇ ਹੋਏ ਅੰਗ,ਰੋਸ ਵਜੋਂ ਦੁਕਾਨਾਂ ਬੰਦ ਕਰਕੇ ਲਗਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਅਣਪਛਾਤੇ ਲੋਕਾਂ ’ਤੇ ਮਾਮਲਾ ਕੀਤਾ ਦਰਜ

Bhikhi Rajwaha

ਮਾਨਸਾ (ਸੁਮਿਤ ਸੇਠੀ) ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਨੇੜੇ ਵਗਦੇ ਇਕ ਰਜਵਾਹੇ ਵਿਚ ਵੱਡੀ ਮਾਤਰਾ ਵਿਚ ਗਊਆਂ ਦੇ ਕਟੇ ਹੋਏ ਅੰਗ ਮਿਲਣ ਨਾਲ ਹਿੰਦੂ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ।

ਜਿਵੇਂ ਹੀ ਇਸ ਦਾ ਪਤਾ ਸਥਾਨਕ ਹਿੰਦੂ ਜਥੇਬੰਦੀਆਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਰਜਵਾਹੇ ਵਿਚੋਂ ਗਊਆਂ ਦੇ ਸਾਰੇ ਅੰਗਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਮਗਰੋਂ ਸਤਿਕਾਰ ਸਹਿਤ ਦਫ਼ਨਾ ਦਿੱਤਾ ਗਿਆ। 

 ਇਸ ਦੇ ਰੋਸ ਵਜੋਂ ਭੀਖੀ ਦੇ ਧਾਰਮਿਕ, ਸਮਾਜਿਕ ਅਤੇ ਕਾਰੋਬਾਰੀ ਸੰਗਠਨਾਂ ਨੇ ਅਪਣੀਆਂ ਦੁਕਾਨਾਂ ਬੰਦ ਕਰਕੇ ਚੌਂਕ ਵਿਚ ਧਰਨਾ ਲਗਾਇਆ ਅਤੇ ਇਸ ਕਾਂਡ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

 

ਉਨ੍ਹਾਂ ਪ੍ਰਸਾਸ਼ਨ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਪੰਜਾਬ ਪੱਧਰ ’ਤੇ ਲਿਜਾਇਆ ਜਾਵੇਗਾ। ਉਧਰ ਭੀਖੀ ਦੇ ਥਾਣਾ ਮੁਖੀ ਗੁਰਲਾਲ ਸਿੰਘ ਨੇ ਆਖਿਆ ਕਿ ਇਸ ਘਟਨਾ ਨੂੰ ਲੈ ਕੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦ  ਹੈ ਜਲਦ ਹੀ ਦੋਸ਼ੀ ਪੁਲਿਸ ਦੀ ਪਕੜ ਵਿਚ ਹੋਣਗੇ।

ਫਿਲਹਾਲ ਇਸ ਘਟਨਾ ਨੂੰ ਲੈ ਕੇ ਇਲਾਕੇ ਵਿਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ। ਦੇਖਣਾ ਹੋਵੇਗਾ ਕਿ ਪੁਲਿਸ ਗਊਆ ਹੱਤਿਆ ਦੇ ਦੋਸ਼ੀਆਂ ਨੂੰ ਕਦੋਂ ਗ੍ਰਿਫ਼ਤਾਰ ਕਰਦੀ ਹੈ।