ਕੋਰੋਨਾ ਦੇ ਵਧ ਰਹੇ ਪ੍ਰਕੋਪ ਦੇ ਚਲਦੇ ਇਕ ਵਿਅਕਤੀ ਨੇ ਤੋੜਿਆ ਦਮ
ਇਸ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਤੋਂ ਬਾਅਦ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ।
ਮਾਛੀਵਾੜਾ ਸਾਹਿਬ: ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਅਤੇ ਬੀਤੇ 24 ਘੰਟੇ ਵਿਚ ਨਵੇਂ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 2500 ਤੋਂ ਪਾਰ ਕਰ ਗਿਆ ਹੈ। ਇਸ ਵਿਚਕਾਰ ਅੱਜ ਇਕ ਹੋਰ ਵਿਅਕਤੀ ਨੇ ਕੋਰੋਨਾ ਕਰਕੇ ਪ੍ਰਭਾਵਿਤ ਹੋਣ ਕਰਕੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਇਹ ਖ਼ਬਰ ਮਾਛੀਵਾੜਾ ਸਾਹਿਬ ਦੇ ਨਜਦੀਕੀ ਪਿੰਡ ਮੰਡ ਉਧੋਵਾਲ ਤੋਂ ਸਾਹਮਣੇ ਆਈ ਹੈ। ਇਸ ਦਾ ਰਹਿਣ ਵਾਲਾ 58 ਸਾਲਾ ਵਸਨੀਕ ਅਜੈਬ ਸਿੰਘ ਨੇ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।
ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਤੋਂ ਬਾਅਦ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਇਸ ਦੌਰਾਨ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਪਾਜ਼ੇਟਿਵ ਆਇਆ ਸੀ। ਜ਼ਿਕਰਯੋਗ ਹੈ ਕਿ ਇਸੇ ਪਰਿਵਾਰ ਦੀ ਹੋਣਹਾਰ ਧੀ ਨੇ ਵੀ ਕੋਰੋਨਾ ਦੀ ਪਹਿਲੀ ਵੇਵ ਵਿਚ ਇਸ ਦੁਨੀਆਂ ਨੂੰ ਅਲਵਿਦਾ ਆਖਿਆ ਸੀ।
ਦੱਸ ਦੇਈ ਕਿ ਇਸ ਸਮੇਂ ਜ਼ਿਲ੍ਹਾ ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ ਤੇ ਹੁਸ਼ਿਆਰਪੁਰ ਕੋਰੋਨਾ ਹਾਟ ਸਪਾਟ ਬਣੇ ਹੋਏ ਹਨ। ਅੱਜ ਵੀ ਸੱਭ ਤੋਂ ਵੱਧ ਮੋਹਾਲੀ ਵਿਚ 385, ਜਲੰਧਰ ਵਿਚ 380, ਲੁਧਿਆਣਾ ਵਿਚ 329, ਪਟਿਆਲਾ ਵਿਚ 256 ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ 238 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਇਸੇ ਤਰ੍ਹਾਂ ਮੌਤਾਂ ਦੇ ਮਾਮਲਿਆਂ ਵਿਚ ਜਲੰਧਰ ਵਿਚ 11, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਵਿਚ 4-4, ਗੁਰਦਾਸਪੁਰ ਤੇ ਪਟਿਆਲਾ ਵਿਚ 3-3, ਬਰਨਾਲਾ, ਸੰਗਰੂਰ, ਲੁਧਿਆਣਾ, ਤਰਨਤਾਰਨ ਤੇ ਮੋਗਾ ਵਿਚ 2-2 ਅਤੇ ਫ਼ਾਜ਼ਿਲਕਾ ਵਿਚ ਕੋਰੋਨਾ ਨਾਲ ਇਕ ਜਾਨ ਗਈ ਹੈ।