ਪੰਜਾਬ ਸਰਕਾਰ ਦਾ ਵੱਡਾ ਫੈਸਲਾ-ਪੰਜਾਬ ਪੁਲਿਸ 'ਚ ਹੋਵੇਗੀ 10 ਹਜ਼ਾਰ ਨਵੇਂ ਮੁਲਾਜ਼ਮਾਂ ਦੀ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ 'ਚ ਹੋਵੇਗੀ 10 ਹਜ਼ਾਰ ਨਵੇਂ ਮੁਲਾਜ਼ਮਾਂ ਦੀ ਭਰਤੀ

Punjab Police Jobs

ਚੰਡੀਗੜ੍ਹ: ਪੰਜਾਬ ਵਿਚ ਹਰ ਸਾਲ ਪੰਜਾਬ ਪੁਲਿਸ ’ਚ ਨਵੇਂ ਮੁਲਾਜ਼ਮਾਂ ਦੀ ਭਰਤੀ ਹੁੰਦੀਆਂ ਹਨ। ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਹੁਣ ਪੰਜਾਬ ਪੁਲਿਸ ’ਚ ਨਵੀਂਆਂ ਭਰਤੀਆਂ ਕਰਨ ਜਾ ਰਹੀ ਹੈ। ਇਸ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵੀ ਕੀਤਾ ਹੈ ਤੇ ਕਿਹਾ ਕਿ ਸੂਬੇ ’ਚ 10 ਹਜ਼ਾਰ ਨਵੇਂ ਪੁਲਿਸ ਕਰਮਚਾਰੀਆਂ ਦੀ ਭਰਤੀ ਹੋਵੇਗੀ, ਜਿਨ੍ਹਾਂ ਵਿੱਚੋਂ 33 ਫ਼ੀਸਦੀ ਆਸਾਮੀਆਂ ਔਰਤਾਂ ਲਈ ਰਾਖਵੀਂਆਂ ਹੋਣਗੀਆਂ।

ਪੰਜਾਬ ਪੁਲਿਸ ’ਚ ਮਾਹਿਰ ਲਾਅ, ਫ਼ੌਰੈਂਸਿਕ, ਡਿਜੀਟਲ ਫ਼ੌਰੈਂਸਿਕ, ਸੂਚਨਾ ਤਕਨਾਲੋਜੀ, ਡਾਟਾ ਮਾਈਨਿੰਗ, ਸਾਈਬਰ ਸੁਰੱਖਿਆ, ਖ਼ੁਫ਼ੀਆ ਅਧਿਐਨ, ਮਨੁੱਖੀ ਸਰੋਤ ਪ੍ਰਬੰਧ ਤੇ ਵਿਕਾਸ ਤੇ ਸੜਕ ਸੁਰੱਖਿਆ ਯੋਜਨਾ ਤੇ ਇੰਜਨੀਅਰਿੰਗ ਨਾਲ ਸਬੰਧਤ ਲੋਕ ਭਰਤੀ ਹੋਣਗੇ। ਅਜਿਹੇ ਖ਼ਾਸ ਤਰ੍ਹਾਂ ਦੇ ਜੁਰਮਾਂ ਨਾਲ ਨਿਪਟਣ ਲਈ 3,100 ਡੋਮੇਨ ਮਾਹਿਰਾਂ ਤੋਂ ਇਲਾਵਾ ਸਬ ਇੰਸਪੈਕਟਰ ਤੇ ਕਾਂਸਟੇਬਲ ਦੇ ਪੱਧਰ ਉੱਤੇ 10,000 ਪੁਲਿਸ ਕਰਮਚਾਰੀ ਭਰਤੀ ਕੀਤੇ ਜਾਣਗੇ।

ਪੁਲਿਸਿੰਗ ਤੇ ਜਾਂਚ ਪੜਤਾਲ ਦੀਆਂ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੁੱਖ ਮੰਤਰੀ ਨੇ ਇਸ ਕਦਮ ਦਾ ਐਲਾਨ ਕੀਤਾ ਹੈ।  ਇਸ ਨਾਲ ਜਿੱਥੇ ਸਾਈਬਰ ਅਪਰਾਧੀਆਂ ਵਿਰੁੱਧ ਨਕੇਲ ਕੱਸੀ ਜਾਵੇਗੀ, ਉੱਥੇ ਹੀ ਸਮਾਜ ਦੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਵੀ ਵਧਾਈ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਅਪਰਾਧ ਦੇ ਬਦਲ ਰਹੇ ਤਰੀਕਿਆਂ ਨਾਲ ਹੋ ਰਹੇ ਜੁਰਮਾਂ ਦੀ ਰੋਕਥਾਮ ਤੇ ਪੜਤਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਡੋਮੇਨ ਮਾਹਿਰਾਂ ਦੇ ਸਹਿਯੋਗ ਲਈ ਪੰਜਾਬ ਪੁਲਿਸ ਵੱਲੋਂ ਛੇਤੀ ਹੀ 3,100 ਵਿਸ਼ੇਸ਼ ਪੁਲਿਸ ਅਫ਼ਸਰਾਂ ਤੇ ਡੋਮੇਨ ਮਾਹਿਰਾਂ ਦੀ ਭਰਤੀ ਕੀਤੀ ਜਾਵੇਗੀ।