'ਆਪ' ਨੇ ਬਦਲਿਆ ਪਾਰਟੀ ਦਾ ਪੰਜਾਬ ਸਹਿ-ਇੰਚਾਰਜ, ਡਾ. ਸੰਦੀਪ ਪਾਠਕ ਨੂੰ ਸੌਂਪੀ ਜ਼ਿੰਮੇਵਾਰੀ
ਇਸ ਤੋਂ ਪਹਿਲਾਂ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਸਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਹੁਣ ਡਾ. ਸੰਦੀਪ ਪਾਠਕ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਸਨ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਪਾਰਟੀ ਵੱਲੋਂ ਹੁਣ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾ ਰਿਹਾ ਹੈ ਅਤੇ ਰਾਘਵ ਚੱਢਾ ਨੇ ਅੱਜ ਰਾਜ ਸਭਾ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਵੀ ਦਾਖ਼ਲ ਕਰ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਹੁਣ ਪਾਰਟੀ ਵੱਲੋਂ ਪੰਜਾਬ ਦਾ ਸਹਿ-ਇੰਚਾਰਜ ਡਾ. ਸੰਦੀਪ ਪਾਠਕ ਨੂੰ ਬਣਾਇਆ ਗਿਆ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਡਾ. ਸੰਦੀਪ ਪਾਠਕ ਪਾਰਟੀ ਵੱਲੋਂ ਸੂਬਾ ਗੁਜਰਾਤ ਮਾਮਲਿਆਂ ਦੇ ਵੀ ਇੰਚਾਰਜ ਹਨ ਅਤੇ ਪਾਰਟੀ ਵੱਲੋਂ ਉਨ੍ਹਾਂ ਨੇ ਵੀ ਰਾਜ ਸਭਾ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੇਪਰ ਭਰੇ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਤੋਂ ਇਲਾਵਾ ਸਿਰਫ਼ ਗੋਆ 'ਚ ਹੀ 2 ਸੀਟਾਂ 'ਤੇ ਜਿੱਤ ਹਾਸਲ ਕਰ ਸਕੀ। ਹੁਣ ਦੇਸ਼ ਦੇ ਬਾਕੀ ਰਾਜਾਂ 'ਚ ਪਾਰਟੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਸਮੇਤ ਪਾਰਟੀ ਨੇ ਇਨ੍ਹਾਂ ਰਾਜਾਂ 'ਚ ਆਪਣੇ ਇੰਚਾਰਜ, ਸਹਿ-ਇੰਚਾਰਜ ਅਤੇ ਚੋਣ ਇੰਚਾਰਜ ਨਿਯੁਕਤ ਕੀਤੇ ਹਨ।