ਪੰਜਾਬ ਵਿਧਾਨ ਸਭਾ ਸੈਸ਼ਨ: ਵਿਧਾਨ ਸਭਾ ਦੀ ਕਾਰਵਾਈ ਦਾ ਹੁਣ ਹੋਵੇਗਾ LIVE ਟੈਲੀਕਾਸਟ- ਭਗਵੰਤ ਮਾਨ
ਇਸ ਨਾਲ ਸਰਕਾਰ ਦੀ ਕਾਰਗੁਜ਼ਾਰੀ ਸਿੱਧੇ ਤੌਰ 'ਤੇ ਲੋਕਾਂ ਤੱਕ ਪਹੁੰਚ ਜਾਵੇਗੀ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸੈਸ਼ਨ ਦੀ ਕਾਰਵਾਈ ਵਿਚ ਸਭ ਤੋਂ ਪਹਿਲਾਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਧਵਾਂ ਨੂੰ ਪੰਜਾਬ ਵਿਸ ਦਾ ਨਵਾਂ ਸਪੀਕਰ ਚੁਣਿਆ ਗਿਆ। ਨਵੇਂ ਸਪੀਕਰ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਦੀ ਕਾਰਵਾਈ ਦਾ ਹੁਣ ਤੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਕਿਉਂਕਿ ਵਿਰੋਧੀ ਧਿਰ ਨੇ ਇਹ ਮੰਗ ਰੱਕੀ ਸੀ ਤੇ ਇਹ ਮੰਗ ਉੱਠਣ ਤੋਂ ਤੁਰੰਤ ਬਾਅਦ ਭਗਵੰਤ ਮਾਨ ਨੇ ਕਾਰਵਾਈ ਲਾਈਵ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਉਨ੍ਹਾਂ ਦੇ ਨੁਮਾਇੰਦੇ ਵਿਧਾਨ ਸਭਾ ਵਿਚ ਮੁੱਦੇ ਕਿਵੇਂ ਅਤੇ ਕਿਹੜੇ ਮੁੱਦੇ ਉਠਾਉਂਦੇ ਹਨ। ਇਸ ਨਾਲ ਸਰਕਾਰ ਦੀ ਕਾਰਗੁਜ਼ਾਰੀ ਸਿੱਧੇ ਤੌਰ 'ਤੇ ਲੋਕਾਂ ਤੱਕ ਪਹੁੰਚ ਜਾਵੇਗੀ। ਇਸ ਤੋਂ ਬਾਅਦ ਰਾਜਪਾਲ ਬੀ.ਐੱਲ. ਪੁਰੋਹਿਤ ਦੁਪਹਿਰ ਕਰੀਬ 2 ਵਜੇ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ।
ਭਲਕੇ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਤੀਜਾ ਅਤੇ ਆਖ਼ਰੀ ਦਿਨ ਹੋਵੇਗਾ। ਜਿਸ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਹੋਵੇਗੀ। ਇਸ ਤੋਂ ਬਾਅਦ ਧੰਨਵਾਦ ਦਾ ਮਤਾ ਅਤੇ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਹੋਵੇਗੀ। ਇਸ ਤੋਂ ਬਾਅਦ, 2021-22 ਲਈ ਪੂਰਕ ਅਨੁਮਾਨਾਂ ਦੇ ਨਾਲ ਖਾਤੇ 'ਤੇ ਵੋਟ ਪੇਸ਼ ਕੀਤੀ ਜਾਵੇਗੀ।