ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਵ: ਨਿਰਮਲ ਸਿੰਘ ਨਮਿਤ ਅਰਦਾਸ ਸਮਾਗਮ
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਵ: ਨਿਰਮਲ ਸਿੰਘ ਨਮਿਤ ਅਰਦਾਸ ਸਮਾਗਮ
ਪੰਥਕ, ਧਾਰਮਕ, ਸਮਾਜਕ, ਸਿਆਸਤਦਾਨਾਂ ਤੇ ਹੋਰਨਾਂ ਨੇ ਅਰਦਾਸ ਸਮਾਗਮ ਵਿਚ ਹਾਜ਼ਰੀ ਭਰੀ
ਅੰਮ੍ਰਿਤਸਰ, 20 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ, ਜੋ ਕਿ ਕੁੱਝ ਦਿਨ ਪਹਿਲਾਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਆਤਮਕ ਸ਼ਾਤੀ ਲਈ ਰੱਖੇ ਗਏ ਅਰਦਾਸ ਸਮਾਗਮ ਤੇ ਸਹਿਜ ਪਾਠ ਦੇ ਭੋਗ ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ,ਭਾਈ ਕਮਲਜੀਤ ਸਿੰਘ ਦੇ ਜਥਿਆਂ ਨੇ ਰਸ ਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।
ਸ੍ਰੀ ਗੁਰੂ ਸਿੰਘ ਸਭਾ ਅਤੇ ਹੋਰਨਾਂ ਜਥੇਬੰਦੀਆਂ ਵਲੋਂ ਸ.ਨਿਰਮਲ ਸਿੰਘ ਦੇ ਸਪੁੱਤਰ ਸ. ਕਵਲਜੀਤ ਸਿੰਘ, ਸ.ਹਰਨੀਤ ਸਿੰਘ ਅਤੇ ਪ੍ਰਵਾਰਕ ਮੈਂਬਰ ਸ: ਸੁਖਜਿੰਦਰ ਸਿੰਘ ਪਿ੍ਰੰਸ ਨੂੰ ਗੁਰੂ ਦੀ ਬਖ਼ਸਿਸ਼ ਸਿਰੋਪਾਉ ਅਤੇ ਦਸਤਾਰ ਭੇਂਟ ਕੀਤੀ ਗਈ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਡਾ:ਇੰਦਰਬੀਰ ਸਿੰਘ ਨਿੱਜਰ , ਆਨਰੇਰੀ ਸਕੱਤਰ ਸ.ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਸ.ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਸ.ਅਮਰਜੀਤ ਸਿੰਘ ਬਾਂਗਾ, ਸਰਪ੍ਰਸਤ ਸ.ਰਾਜਮੋਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ: ਸਰਬਜੀਤ ਸਿੰਘ ਛੀਨਾ ਅਤੇ ਸਮੂਹ ਮੈਂਬਰ ਸਾਹਿਬਾਨ ਨੇ ਸ: ਨਿਰਮਲ ਸਿੰਘ ਦੀ ਅਦੁਤੀ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਦਿੰਦਿਆਂ ਸ.ਨਿਰਮਲ ਸਿੰਘ ਦੇ ਪ੍ਰਧਾਨ ਦੇ ਅਹੁਦੇ ਤੇ ਰਹਿੰਦਿਆਂ ਸੱਚੇ ਸੁੱਚੇ ਮਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਨਿਸ਼ਕਾਮ ਭਾਵ ਨਾਲ ਦੀਵਾਨ ਨੂੰ ਵਿਕਾਸ ਦੀ ਰਾਹ ਤੇ ਲਿਜਾਣ ਲਈ ਕੀਤੇ ਗਏ ਅਣਥੱਕ ਯਤਨਾਂ ਨੂੰ ਯਾਦ ਕੀਤਾ ਗਿਆ।
ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਸ: ਤਰਲੋਚਨ ਸਿੰਘ ਨੇ ਸ: ਨਿਰਮਲ ਸਿੰਘ ਦੇ ਵਿਛੋੜੇ ਨੂੰ ਅਪਣੇ ਨਿਜੀ ਜੀਵਨ ਦਾ ਘਾਟਾ ਦਸਦਿਆਂ ਕਿਹਾ ਕਿ ਉਨ੍ਹਾਂ ਦਾ ਸ.ਨਿਰਮਲ ਸਿੰਘ ਨਾਲ ਵਿਸ਼ੇਸ਼ ਪਿਆਰ ਤੇ ਮੋਹ ਸੀ ਅਤੇ ਅਪਣੇ ਜੀਵਨ ਸਫ਼ਰ ਦੇ ਕਈ ਉਤਾਰ ਚੜ੍ਹਾਅ ਉਨ੍ਹਾਂ ਇੱਕਠੇ ਹੀ ਦੇਖੇ ਹਨ। ਐਸ ਜੀ ਪੀ ਸੀ ਦੇ ਸਾਬਕਾ ਮੀਤ ਪ੍ਰਧਾਨ ਸ: ਰਜਿੰਦਰ ਸਿੰਘ ਮਹਿਤਾ ਨੇ ਪੰਥ ਦੀ ਨਾਮਵਰ ਪਦਵੀਆਂ ਤੇ ਬਿਰਾਜਮਾਨ ਸਵ: ਸ: ਨਿਰਮਲ ਸਿੰਘ ਦੀਆਂ ਪੰਥ ਪ੍ਰਤਿ ਨਿਭਾਈਆਂ ਮਾਣਮੱਤੀਆਂ ਸੇਵਾਵਾਂ ਨੂੰ ਯਾਦ ਕੀਤਾ। ਹੈੱਡ ਗ੍ਰੰਥੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਜਗਤਾਰ ਸਿੰਘ,ਸ੍ਰੀ ਹਰਿਮੰਦਰ ਸਾਹਿਬ ਗਿਆਨੀ ਸੁਲਤਾਨ ਸਿੰਘ, ਦਮਦਮੀ ਟਕਸਾਲ ਤੋਂ ਸ: ਅਵਤਾਰ ਸਿੰਘ ਬੁੱਟਰ, ਤੱਖਤ ਪਟਨਾ ਸਾਹਿਬ ਤੋਂ ਸੁਪਰਡਂੈਟ ਸ: ਜਗਜੀਤ ਸਿੰਘ ਜੱਗੀ, ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ, ਸਾਬਕਾ ਐਮ ਐਲ ਏ ਸ: ਹਰਮਿੰਦਰ ਸਿੰਘ ਗਿੱਲ, ਡਾ: ਦਵਿੰਦਰ ਸਿੰਘ ਚੇਅਰਮੈਨ, ਬੜੂ ਸਾਹਿਬ, ਕਾਂਗਰਸ ਦਿਹਾਤੀ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਡਾ. ਰਜਿੰਦਰਮੋਹਨ ਸਿੰਘ ਛੀਨਾ ਆਨਰੇਰੀ ਸਕੱਤਰ ਖ਼ਾਲਸਾ ਕਾਲਜ, ਸ.ਗੁਰਪ੍ਰਤਾਪ ਸਿੰਘ ਟਿੱਕਾ ਅਕਾਲੀ ਦਲ ਸ਼ਹਿਰੀ ਪ੍ਰਧਾਨ, ਸਿੱਖ ਸਟੂਡੈਂਟ ਫ਼ੈਡਰੇਸ਼ਨ ਪ੍ਰਧਾਨ ਸ: ਅਮਰਬੀਰ ਸਿੰਘ ਢੋਟ, ਸ੍ਰੋਮਣੀ ਪ੍ਰਬੰਧਕ ਕਮੇਟੀ ਤੋਂ ਜਥੇਦਾਰ ਹਰਬੰਸ ਸਿੰਘ, ਭਾਈ ਮਨਜੀਤ ਸਿੰਘ ਆਦਿ ਹੋਰਨਾਂ ਉੱਘੀਆਂ ਸ਼ਖ਼ਸੀਅਤਾਂ ਵਲੋਂ ਵਿਸ਼ੇਸ਼ ਤੌਰ ’ਤੇ ਪੁੱਜ ਕੇ ਨਿਰਮਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਸ਼ੋਕ ਸੰਦੇਸ਼ਾਂ ਰਾਹੀਂ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ , ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਚੀਫ਼ ਖ਼ਾਲਸਾ ਦੀਵਾਨ ਮੁੰਬਈ ਲੋਕਲ ਕਮੇਟੀ ਪ੍ਰਧਾਨ ਸ: ਗੁਰਿੰਦਰ ਸਿੰਘ ਬਾਵਾ, ਐਮ ਐਲ ਏ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਨੈਸ਼ਨਲ ਕੌਂਸਲ ਸਭਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰਨਾਂ ਵੱਖ ਵੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਵਲੋਂ ਭੇਜੇ ਗਏ ਸ਼ੋਕ ਸੰਦੇਸ਼ਾਂ ਰਾਹੀਂ ਸ੍ਰ: ਨਿਰਮਲ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।