ਰਾਜ ਸਭਾ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਨੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ, ਕੀਤੀ ਇਹ ਅਪੀਲ
'ਦਿੱਲੀ' ਕਈ ਵਾਰ ਪੰਜਾਬ ਨਾਲ ਵਿਤਕਰਾ ਕਰ ਜਾਂਦੀ'
ਚੰਡੀਗੜ੍ਹ- ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ’ਚ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜ ਸਭਾ ਲਈ ਪੰਜਾਬ ਦੇ ਉਮੀਦਵਾਰਾਂ ਨੂੰ ਭੇਜਣ ਦੀ ਸਲਾਹ ਦਿੱਤੀ ਹੈ।
ਉਹਨਾਂ ਪੱਤਰ ਲਿਖਿਆ ਕਿਹਾ ਕਿ ਪੰਜਾਬ ਦੀਆ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਤੁਹਾਡੇ ਉਪਰ ਪੂਰਨ ਵਿਸ਼ਵਾਸ ਜਤਾਇਆ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਆਮ ਪਰਿਵਾਰ ਤੋਂ ਉਠ ਕੇ ਕੋਈ ਵਿਅਕਤੀ ਇਸ ਮੁਕਾਮ ਤਕ ਪਹੁੰਚਿਆ ਹੈ। ਤੁਸੀਂ ਸ਼ੁਰੂ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਆ ਰਹੇ ਹੋ।
ਹੁਣ ਪੰਜਾਬ ਅਤੇ ਪੰਜਾਬੀਅਤ ਦੀ ਉਸ ਸੋਚ ਉਪਰ ਪਹਿਰਾ ਦੇਣ ਦਾ ਸਮਾਂ ਆ ਗਿਆ ਹੈ। ਮੈਂ ਆਸ ਕਰਦਾ ਹਾਂ ਕਿ ਆਉਣ ਵਾਲੀਆਂ ਰਾਜ ਸਭਾ ਚੋਣਾਂ ਵਿਚ ਤੁਸੀਂ ਪੰਜਾਬ ਦੇ ਹੀ ਨੁਮਾਇੰਦੇ ਭੇਜ ਕੇ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰੋਗੋ। ਰਾਜ ਸਭਾ ਵਿੱਚ ਭੇਜਿਆ ਜਾਣ ਵਾਲ ਹਰ ਵਿਅਕਤੀ ਉਹ ਹੋਵੇ ਜਿਸਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੋਵੇ ਜਾਂ ਕੋਈ ਵੀ ਪੰਜਾਬੀ ਜਿਸਨੂੰ ਪੰਜਾਬ ਦੀ ਰੂਹ ਨਾਲ ਪਿਆਰ ਹੋਵੇ।
ਤੁਸੀਂ ਜਾਣਦੇ ਹੋ ਕਿ 'ਦਿੱਲੀ' ਕਈ ਵਾਰ ਪੰਜਾਬ ਨਾਲ ਵਿਤਕਰਾ ਕਰ ਜਾਂਦੀ ਹੈ ਪਰ ਮੈਂ ਤੁਹਾਡੇ ਤੋਂ ਪੂਰਨ ਉਮੀਦ ਕਰਦਾ ਹਾਂ ਕਿ ਰਾਜ ਸਭਾ ਵਿਚ ''ਪੰਜਾਬ ਤੋਂ - ਪੰਜਾਬ ਲਈ" ਅਵਾਜ਼ ਬੁਲੰਦ ਕਰਨ ਵਾਲੇ ਵਿਅਕਤੀਆਂ ਨੂੰ ਭੇਜੋਗੇ ਤਾਂ ਜੋ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਪੰਜਾਬੀ ਆਪਣੇ ''ਮਾਨ ਸਾਹਿਤ 'ਤੇ ਮਾਣ ਮਹਿਸੂਸ ਕਰ ਸਕਣ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੁਲਤਾਰ ਸਿੰਘ ਸੰਧਵਾਂ ਦਾ ਸਪੀਕਰ ਚੁਣੇ ਜਾਣਾ ਵਧੀਆ ਗੱਲ ਹੈ। ਉਹ ਬੜੇ ਹੀ ਸੂਝਵਾਨ ਵਿਅਕਤੀ ਹਨ। ਸਦਨ ਨੂੰ ਵਧੀਆਂ ਚਲਾਉਣਗੇ। ਰਾਜ ਸਭਾ ਲਈ ਚੁਣੇ ਗਏ ਮੈਂਬਰਾਂ ਬਾਰੇ ਬੋਲਦਿਆਂ ਕਿਹਾ ਕਿ ਅਮੀਰ ਵਿਅਕਤੀਆਂ ਨੂੰ ਰਾਜ ਸਭਾ ਲਈ ਚੁਣਿਆ ਗਿਆ।
ਕਿਸੇ ਗਰੀਬ ਵਿਅਕਤੀ ਨੂੰ ਨਹੀਂ ਚੁਣਿਆ ਗਿਆ। ਚੰਗਾ ਹੁੰਦਾ ਕਿਸੇ ਗਰੀਬ ਜਾਂ ਮਜ਼ਦੂਰ ਦੇ ਪੁੱਤ ਨੂੰ ਰਾਜ ਸਭਾ ਲਈ ਚੁਣਿਆ ਜਾਂਦਾ ਜੋ ਆਪਣੇ ਦੁੱਖ ਰਾਜ ਸਭਾ ਵਿਚ ਜਾ ਕੇ ਸੁਣਾਉਂਦਾ। ਉਹਨਾਂ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਇਮਤਿਹਾਨ ਹੈ। ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਲੱਗੀ ਹੈ। ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਹੁਣ ਕੇਸ ਚੰਗੇ ਤਰੀਕੇ ਨਾਲ ਲੜਿਆ ਜਾਵੇ।