ਗੈਰ ਪੰਜਾਬੀਆਂ ਨੂੰ ਰਾਜ ਸਭਾ ਮੈਂਬਰ ਬਣਾਉਣ ਨੂੰ ਲੈ ਕੇ ਪੜ੍ਹੋ ਕੀ ਬੋਲੇ ਸੁਖਪਾਲ ਖਹਿਰਾ
ਅਸੀਂ ਕਦੇ ਵੀ ਗੈਰ ਪੰਜਾਬੀ ਨੂੰ ਰਾਜ ਸਭਾ ਦਾ ਮੈਂਬਰ ਕਬੂਲ ਨਹੀਂ ਕਰਾਂਗੇ ਬਲਕਿ ਉਹਨਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ।
ਚੰਡੀਗੜ੍ਹ: ਪੰਜਾਬ ’ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਾਜ ਸਬਾ ਮੈਂਬਰ ਚੁਣਨ ਤੋਂ ਬਾਅਦ ਵਿਰੋਧੀਆਂ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਨੇ ਅਪਣੇ ਰਾਜ ਸਭਾ ਦੇ 5 ਉਮੀਦਵਾਰ ਚੁਣ ਲਏ ਹਨ ਜਿਨ੍ਹਾਂ ਵਿਚ ਕੁੱਝ ਉਮੀਦਵਾਰ ਪੰਜਾਬ ਤੋਂ ਬਾਹਰ ਦੇ ਹਨ ਜਿਸ ਨੂੰ ਲੈ ਕੇ ਵਿਰੋਧੀ ਹੰਗਾਮਾ ਕਰ ਰਹੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸਵੇਰੇ ਟਵੀਟ ਕਰ ਕੇ ਆਪ ਨੂੰ ਘੇਰਿਆ ਸੀ। ਇਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਦੇ ਵੀ ਗੈਰ ਪੰਜਾਬੀ ਨੂੰ ਰਾਜ ਸਭਾ ਦਾ ਮੈਂਬਰ ਕਬੂਲ ਨਹੀਂ ਕਰਾਂਗੇ ਬਲਕਿ ਉਹਨਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ।
ਖਹਿਰਾ ਨੇ ਕਿਹਾ ਕਿ ਪੰਜਾ ਦੀ ਧਰਤੀ ਗੁਰੂਆਂ ਪੀਰਾਂ ਦੇ ਖੂਨ ਨਾਲ ਸਿੰਜੀ ਹੋਈ ਧਰਤੀ ਹੈ ਤੇ ਮੈਂ ਪੰਜਾ ਦੇ ਸਾਰੇ ਵਿਧਾਇਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਗੈਰ ਪੰਜਾਬੀ ਦੇ ਹੱਕ ਵਿਚ ਵੋਟ ਨਾ ਕਰਨ ਤੇ ਇਸ ਖਿਲਾਫ਼ ਅਵਾਜ਼ ਉਠਾਉਣ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਸਵੇਰੇ ਵੀ ਟਵੀਟ ਕਰ ਕੇ ਇਸ ਖਿਲਾਫ਼ ਅਵਾਜ਼ ਉਠਾਈ ਸੀ ਤੇ ਭਗਵੰਤ ਮਾਨ ਨੂੰ ਅਪੀਲ ਵੀ ਕੀਤੀ ਸੀ। ਸੁਖਪਾਲ ਖਹਿਰਾ ਨੇ 5 ਨਾਮ ਸਾਂਝੇ ਕਰ ਕੇ ਕਿਹਾ ਸੀ ਕਿ ''ਜੇਕਰ AAP ਦੀ ਰਾਜਸਭਾ ਦੇ ਸੰਭਾਵਿਤ ਉਮੀਦਵਾਰਾਂ ਦੀ ਇਹ ਸੂਚੀ ਹੈ ਤਾਂ ਇਹ ਪੰਜਾਬ ਲਈ ਸਭ ਤੋਂ ਦੁਖ਼ਦਾਈ ਖ਼ਬਰ ਹੋਵੇਗੀ ਤੇ ਅਸੀਂ ਕਿਸੇ ਗੈਰ ਪੰਜਾਬੀ ਨੂੰ ਨਾਮਜ਼ਦ ਕਰਨ ਦਾ ਵਿਰੋਧ ਕਰਾਂਗੇ। ਇਹ 'ਆਪ' ਵਰਕਰਾਂ ਨਾਲ ਵੀ ਮਜ਼ਾਕ ਹੈ ਜਿਨ੍ਹਾਂ ਨੇ ਪਾਰਟੀ ਵਿਚ ਕੰਮ ਕੀਤਾ ਹੈ।''
ਇਸ ਦੇ ਨਾਲ ਹੀ ਦੂਜੇ ਟਵੀਟ ਵਿਚ ਸੁਖਪਾਲ ਖਹਿਰਾ ਨੇ ਕਿਹਾ ਕਿ ''ਮੇਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਆਪਣੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ। ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਏ ਅਤੇ ਪੰਜਾਬ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਬੀਬੀ ਖਾਲੜਾ ਵਰਗੇ ਮਹਾਨ ਲੋਕਾਂ ਨੂੰ ਰਾਜਸਭਾ ਮੈਂਬਰ ਬਣਾਇਆ ਜਾਵੇ''