ਸਿੱਖ ਚਿੰਤਕਾਂ ਨੇ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਤੇ ਬਾਅਦ ਦੀ ਸਥਿਤੀ ’ਤੇ ਕੀਤੀ ਵਿਚਾਰ ਚਰਚਾ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਚਿੰਤਕਾਂ ਨੇ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਤੇ ਬਾਅਦ ਦੀ ਸਥਿਤੀ ’ਤੇ ਕੀਤੀ ਵਿਚਾਰ ਚਰਚਾ

image

ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਨਾਕਾਮੀ ਨੇ ਪੰਥਕ ਸਿਆਸਤ ਵਿਚ ਖ਼ਲਾਅ ਪੈਦਾ ਕੀਤਾ

ਟਾਂਗਰਾ, 20 ਮਾਰਚ (ਸੁਰਜੀਤ ਸਿੰਘ ਖ਼ਾਲਸਾ): ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸਥਿਤੀ ਬਿਲਕੁਲ ਬਦਲ ਚੁਕੀ ਹੈ ਅਤੇ ਇਸ ’ਤੇ ਵਿਚਾਰ ਵਟਾਂਦਰਾ ਕਰਨ ਲਈ ਸਿੱਖ ਪੰਥਕ ਜਥੇਬੰਦੀਆਂ ਦੇ ਇਕੱਠ ਵਿਚ ਵੱਖ-ਵੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਖੁਲ੍ਹੀ ਵਿਚਾਰ ਚਰਚਾ ਕੀਤੀ।
ਪੱਤਰਕਾਰ ਨੂੰ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਸਿੱਖ ਬੁੱਧੀਜੀਵੀ ਕੁਲਦੀਪ ਸਿੰਘ ਗੱੜਗਜ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਕ ਇਕੱਤਰਤਾ ਬੁਲਾਏ ਜਾਣ ਦਾ ਮੰਤਵ ਤੇ ਲੋੜ ਨੂੰ ਸਪਸ਼ਟ ਕੀਤਾ। ਪੰਥਕ ਜਥੇਬੰਦੀਆਂ ਦੇ ਹਿਤੈਸ਼ੀਆਂ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਪੰਥਕ ਤਾਕਤ ਨੂੰ ਜਲਦੀ ਤੋਂ ਜਲਦੀ ਜਥੇਬੰਦ ਕੀਤਾ ਜਾਵੇ, ਪੰਥ ਦੇ ਬੋਲ ਬਾਲੇ ਕਰਨ ਲਈ ਮਿਲ ਕੇ ਹਰ ਸੰਭਵ ਯਤਨ ਕੀਤੇ ਜਾਣ। ਸਿੱਖ ਵਿਦਵਾਨਾਂ ਨੇ ਸਰਬ ਸੰਮਤੀ ਨਾਲ ਪੰਥਕ ਹਿਤਾਂ ਲਈ ਸਾਂਝੇ ਕੌਮੀ ਪ੍ਰੋਗਰਾਮ ਦੀ ਰੂਪ ਰੇਖਾ ਲਈ ਸੱਤ ਮੈਂਬਰੀ ਸਿੱਖ ਵਿਦਵਾਨਾਂ ਦੀ ਕਮੇਟੀ ਬਣਾਉਣ ਦਾ ਫ਼ੈਸਲਾ ਕਰਦਿਆਂ ਪੰਜ ਮਤੇ ਪੇਸ਼ ਕੀਤੇ ਗਏ। (1) ਸਿੱਖ ਬੁੱਧੀਜੀਵੀਆਂ ਦੀ ਇਕਤਰਤਾ ਵਿਚ ਮੌਜੂਦਾ ਸਥਿਤੀ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਨਾਕਾਮੀ ਨੇ ਪੰਥਕ ਸਿਆਸਤ ਵਿਚ ਵੱਡਾ ਖ਼ਲਾਅ ਪੈਦਾ ਕੀਤਾ। ਮੌਜੂਦਾ ਸਥਿਤੀ ਵਿਚ ਸਿੱਖੀ ਸੋਚ ਨੂੰ ਸਾਹਮਣੇ ਰਖਦੇ ਹੋਏ ਬਦਲਵੇਂ ਪ੍ਰਬੰਧ ਕੀਤੇ ਜਾਣ ਅਤੇ ਪੰਥ ਵਿਚ ਨਵੀਂ ਲੀਡਰਸ਼ਿਪ ਉਭਾਰਨ ਦੇ ਯਤਨ ਕੀਤੇ ਜਾਣ ਤਾਂ ਜੋ ਸਿੱਖ ਪੰਥ ਦੀ ਚੜ੍ਹਦੀ ਕਲਾ, ਪੰਜਾਬ ਤੇ ਭਾਰਤ ਦੀ ਰਾਜਨੀਤੀ, ਧਾਰਮਕ ਪ੍ਰਬੰਧਾਂ ਵਿਚ ਸਿੱਖੀ ਸੋਚ ਨੂੰ ਚੜ੍ਹਦੀਆਂ ਕਲਾਂ ਵਲ ਲਿਜਾਇਆ ਜਾਵੇ।
(2) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਸੀ ਪ੍ਰਭਾਵ ਤੋਂ ਕੀਤਾ ਜਾਵੇ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ੋਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਸਰਗਰਮ ਹੋ ਕੇ ਯਤਨਸ਼ੀਲ ਹੋਵੇ। (3) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਕੇਵਲ ਗ਼ੈਰ ਸਿਆਸੀ ਪੰਥਕ ਸੋਚ ਵਾਲੇ ਬੰਦਿਆਂ ਨੂੰ ਹੀ ਸ਼ਾਮਲ ਕੀਤਾ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿਸੇ ਵੀ ਹੋਰ ਰਾਜਸੀ ਚੋਣਾਂ ਵਿਚ ਹਿੱਸਾ ਨਾ ਲੈਣ। (4) ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਦੇ ਦਫ਼ਤਰ ਵਿਚੋਂ ਹਟਾਈ ਗਈ ਮਹਾਰਾਜਾ ਰਣਜੀਤ ਸਿੰਘ ਹਟਾਈ ਫ਼ੋਟੋ ਨੂੰ ਤੁਰਤ ਉਸੇ ਥਾਂ ’ਤੇ ਲਗਾਇਆ ਜਾਵੇ। (5) ਪੰਜਾਬ ਤੋਂ ਰਾਜ ਸਭਾ ਲਈ ਚੁਣੇ ਜਾਣ ਵਾਲੇ ਨਵੇਂ 7 ਮੈਂਬਰ ਪੰਜਾਬ ਦੇ ਵਸਨੀਕ ਅਤੇ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਕਰਨ ਵਾਲੇ ਹੋਣੇ ਚਾਹੀਦੇ ਹਨ। ਇਸ ਪੰਥਕ ਇੱਕਤਰਤਾ ਵਿਚ ਸ. ਗੁਰਤੇਜ ਸਿੰਘ ਆਈ ਏ ਐਸ, ਸ. ਗੁਰਦਰਸ਼ਨ ਸਿੰਘ ਢਿਲੋਂ, ਸਵਰਨ ਸਿੰਘ ਸਾਬਕਾ ਡਿਪਟੀ ਕਮਿਸ਼ਨਰ, ਪ੍ਰਿਥੀਪਾਲ ਸਿੰਘ ਕਪੂਰ, ਡਾ. ਬਲਕਾਰ ਸਿੰਘ, ਜਗਜੀਤ ਸਿੰਘ ਗਾਬਾ, ਗੁਰਪ੍ਰੀਤ ਸਿੰਘ ਚੰਡੀਗੜ੍ਹ, ਬੀਰ ਦਵਿੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ, ਕੁਲਦੀਪ ਸਿੰਘ ਵਿਰਕ, ਅਜੈਪਾਲ ਸਿੰਘ ਬਰਾੜ, ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਪੰਥਕ ਹਿਤੈਸ਼ੀਆਂ ਵਲੋਂ ਅਪਣੇ ਵਿਚਾਰ ਪ੍ਰਗਟ ਕੀਤੇ ਗਏ।