ਪਟਿਆਲਾ ਦੇ ਕਾਲੀ ਮਾਤਾ ਮੰਦਰ ਬਾਹਰ ਹਿੰਦੂ ਨੇਤਾਵਾਂ ਵਿਚਕਾਰ ਹੋਈ ਤਿੱਖੀ ਬਹਿਸਬਾਜ਼ੀ
ਗੱਲ ਹੱਥੋਪਾਈ ਤਕ ਪਹੁੰਚੀ, ਪ੍ਰਸ਼ਾਦ ਵਾਲੀਆਂ ਰੇੜ੍ਹੀਆਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ
ਪਟਿਆਲਾ : ਕਾਲੀ ਮਾਤਾ ਮੰਦਿਰ ’ਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਥਿਤ ਤੌਰ ’ਤੇ ਮਹਾਮੰਡਲੇਸ਼ਵਰ ਬ੍ਰਹਮਾ ਨੰਦਗੀਰੀ ਉੱਪਰ ਮਨੀ ਬਾਬੇ ਵਲੋਂ ਹਮਲਾ ਕੀਤਾ ਗਿਆ। ਹਮਲਾ ਉਦੋਂ ਹੋਇਆ ਜਦੋਂ ਮੰਦਰ ’ਚ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਪਟਿਆਲਾ ਵਲੋਂ ਹਿੰਦੂ ਆਗੂਆਂ ਨਾਲ ਮੀਟਿੰਗ ਕਰ ਕੇ ਬਾਹਰ ਆ ਰਹੇ ਸਨ। ਇਸ ਸਬੰਧੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਮਹਾਮੰਡੇਸ਼ਵਰ ਬ੍ਰਹਮਾਨੰਦ ਗਿਰੀ ਨੇ ਮਨੀ ਬਾਬੇ ਉੱਪਰ ਬਹੁਤ ਹੀ ਗੰਭੀਰ ਇਲਜ਼ਾਮ ਲਗਾਏ ਅਤੇ ਕਿਹਾ ਕਿ ਮੰਦਰ ਦੇ ਬਾਹਰ ਰੇੜ੍ਹੀਆਂ ਵਾਲੇ ਪ੍ਰਸ਼ਾਦ ਦੇ ਨਾਂ ’ਤੇ ਲੋਕਾਂ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ, ‘‘ਮੈਂ ਇਸੇ ਗੱਲ ਦਾ ਵਿਰੋਧ ਕਰ ਰਿਹਾ ਹਾਂ, ਜਿਸ ’ਤੇ ਮੇਰੇ ’ਤੇ ਇਹ ਹਮਲਾ ਕੀਤਾ ਗਿਆ।’’
ਡੀ.ਐਸ.ਪੀ. ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ, ‘‘ਪ੍ਰਸ਼ਾਦ ਵਾਲੀਆਂ ਰੇੜ੍ਹੀਆਂ ਨੂੰ ਲੈ ਕੇ ਵਿਵਾਦ ਹੋਇਆ ਜਿਸ ਨੂੰ ਲੈ ਕੇ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਹੈ ਅਤੇ ਇਕ ਹਮਲਾਵਰ ਨੂੰ ਫੜ ਲਿਆ ਗਿਆ ਹੈ। ਸੀ.ਸੀ.ਟੀ.ਵੀ. ਖੰਗਾਲੇ ਜਾ ਰਹੇ ਹਨ। ਜੋ ਮੁੱਖ ਦੋਸ਼ੀ ਹੋਣਗੇ ਉਨ੍ਹਾਂ ਵਿਰੁਧ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਦੇ ’ਚ ਲਿਆਂਦੀ ਜਾਵੇਗੀ।’’