Patiala News: ਬਿਜਲੀ ਦੀ ਖ਼ਰਾਬੀ ਠੀਕ ਕਰਦੇ ਸਮੇਂ ਬਿਜਲੀ ਬੋਰਡ ਮੁਲਾਜ਼ਮ ਦੀ ਹੋਈ ਮੌਤ
ਮ੍ਰਿਤਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ
Patiala News: ਨਾਭਾ ਦੀ ਡਿਫੈਂਸ ਕਲੋਨੀ ਵਿਖੇ ਪੀਐਸਪੀਸੀਐਲ ਦੇ ਬਿਜਲੀ ਬੋਰਡ ਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਰਾਜੀਵ ਕੁਮਾਰ ਪੀਐਸਪੀਸੀਐਲ ਵਿੱਚ ਸਹਾਇਕ ਲਾਈਨਮੈਨ ਸੀ। ਮ੍ਰਿਤਕ ਬਿਜਲੀ ਦੀ ਖ਼ਰਾਬੀ ਨੂੰ ਠੀਕ ਕਰਨ ਲਈ ਸਥਾਨਕ ਡਿਫੈਂਸ ਕਲੋਨੀ ਵਿਖੇ ਖੰਭੇ ਉੱਪਰ ਕੰਮ ਕਰ ਰਿਹਾ ਸੀ ਤਾਂ ਕੰਮ ਕਰਦੇ ਹੋਏ ਅਚਾਨਕ ਮੁਲਾਜ਼ਮ ਦੇ ਕਰੰਟ ਲੱਗ ਗਿਆ ਤੇ ਖੰਬੇ ਤੋਂ ਹੇਠਾਂ ਡਿੱਗ ਗਿਆ।
ਜਿਸ ਨੂੰ ਉਸ ਦੇ ਸਾਥੀ ਮੁਲਾਜ਼ਮਾਂ ਵੱਲੋਂ ਤੁਰੰਤ ਸਿਵਲ ਹਸਪਤਾਲ ਨਾਭਾ ਵਿਖੇ ਲਿਆਂਦਾ ਗਿਆ। ਪਰ ਡਾਕਟਰ ਵੱਲੋਂ ਰਾਜੀਵ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਜੋ ਆਪਣੇ ਪਿੱਛੇ ਪਤਨੀ ਦੋ ਛੋਟੀਆਂ ਲੜਕੀਆਂ ਅਤੇ ਇੱਕ ਲੜਕਾ ਛੱਡ ਗਿਆ।
ਇਸ ਮੌਕੇ ਮ੍ਰਿਤਕ ਦੇ ਪਿਤਾ ਦੇਸ ਰਾਜ ਨੇ ਕਿਹਾ ਕਿ ਮੇਰਾ ਬੇਟਾ ਸਰਕਾਰੀ ਮੁਲਾਜ਼ਮ ਸੀ ਅਤੇ ਪਿੱਛੇ ਤਿੰਨ ਬੱਚੇ ਅਤੇ ਘਰਵਾਲੀ ਛੱਡ ਗਿਆ ਇਸ ਦੇ ਸਹਾਰੇ ਹੀ ਘਰ ਦਾ ਗੁਜ਼ਾਰਾ ਹੁੰਦਾ ਸੀ। ਅਸੀਂ ਤਾਂ ਇਹੋ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਸਬੰਧੀ ਜਦੋਂ ਸੁਰਜੀਤ ਸਿੰਘ ਐਸਡੀਓ ਦਿਹਾਤੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਬਿਜਲੀ ਦੀ ਮੁਰੰਮਤ ਕਰਨ ਲਈ ਉਹਨਾਂ ਦੀ ਟੀਮ ਡਿਫੈਂਸ ਕਲੋਨੀ ਗਈ ਹੋਈ ਸੀ। ਜਿੱਥੇ ਕੁਝ ਕੰਮ ਕੀਤਾ ਜਾ ਚੁੱਕਾ ਸੀ ਪਰ ਅਚਾਨਕ ਕੰਮ ਕਰਦੇ ਹੋਏ ਕਰੰਟ ਲਗ ਗਿਆ। ਜਿਸ ਨੂੰ ਤੁਰੰਤ ਨਾਭਾ ਸਰਕਾਰੀ ਹਸਪਤਾਲ ਸਾਡੀ ਟੀਮ ਵੱਲੋਂ ਮੁਲਾਜ਼ਮਾਂ ਵੱਲੋਂ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਇਸ ਮੌਕੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਅਤੇ ਸ਼ਹਿਰ ਨਿਵਾਸੀ ਕਸ਼ਮੀਰ ਸਿੰਘ ਨੇ ਕਿਹਾ ਕਿ ਜੋ ਮੰਦਭਾਗੀ ਘਟਨਾ ਵਾਪਰੀ ਹੈ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਹ ਨੌਜਵਾਨ ਬਹੁਤ ਹੀ ਮਿਹਨਤ ਦੇ ਨਾਲ ਇਸ ਮੁਕਾਮ ’ਤੇ ਪਹੁੰਚਿਆ ਸੀ। ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਪਰਿਵਾਰ ਨੂੰ ਮਾਲੀ ਮਦਦ ਦੇਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦੇਵੇ।
ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੀ ਡਾਕਟਰ ਜਸਬੀਰ ਕੌਰ ਨੇ ਕਿਹਾ ਕਿ ਜਦੋਂ ਰਾਜੀਵ ਕੁਮਾਰ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ, ਇਹ ਮੌਤ ਕਰੰਟ ਲਗਣ ਨਾਲ ਹੋਈ ਹੈ।