Shree Brar ਨੇ ਆਪਣੇ ਨਾਲ ਹੋਈ ਠੱਗੀ ਦਾ ਕੀਤਾ ਖ਼ੁਲਾਸਾ
ਕਿਹਾ, ਪਿੰਕੀ ਧਾਲੀਵਾਲ ਨੇ ਮੇਰੇ ਖਾਤੇ ਨਾਲ ਆਪਣਾ ਨੰਬਰ ਕਰਵਾਇਆ ਲਿੰਕ
ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਗਾਇਕ, ਗੀਤਕਾਰ ਤੇ ਸੰਗੀਤਕਾਰ ਆਦਿ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਪਹਿਲਾਂ ਸੁਨੰਦਾ ਸ਼ਰਮਾ ਨੇ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ’ਤੇ ਇਲਜ਼ਾਮ ਲਗਾਏ ਸੀ ਤੇ ਮੋਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਜ਼ਿਕਰਯੋਗ ਹੈ ਕਿ ਸੁਨੰਦਾ ਸ਼ਰਮਾ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਪਿੰਕੀ ਧਾਲੀਵਾਲ ’ਤੇ ਗ਼ੈਰ-ਕਾਨੂੰਨੀ, ਸ਼ੋਸ਼ਣ ਕਰਨ ਵਾਲੇ ਅਤੇ ਅਪਮਾਨਜਨਕ ਵਿਵਹਾਰ ਦਾ ਇਲਜ਼ਾਮ ਲਾਏ ਸਨ। ਸੁਨੰਦਾ ਸ਼ਰਮਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਧਾਲੀਵਾਲ ਨੇ ਸਾਲਾਂ ਤਕ ਉਸ ਦਾ ਕਰੋੜਾਂ ਰੁਪਏ ਤੋਂ ਵੱਧ ਆਰਥਕ ਸੋਸ਼ਣ ਕੀਤਾ।
ਜਿਸ ਦੌਰਾਨ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਕੀ ਧਾਲੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਬਾਅਦ ਵਿਚ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਿੰਕੀ ਧਾਲੀਵਾਲ ਨੂੰ ਮਾਮਲੇ ’ਚ ਤੁਰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹਾਈ ਕੋਰਟ ਨੇ ਇਹ ਹੁਕਮ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ’ਤੇ ਜਾਰੀ ਕੀਤੇ ਹਨ, ਜਿਸ ਵਿਚ ਮੋਹਾਲੀ ਪੁਲਿਸ ਵਲੋਂ ਗ੍ਰਿਫ਼ਤਾਰੀ ਨੂੰ ਨਾਜਾਇਜ਼ ਦਸਿਆ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਬਾਅਦ ਗਾਇਕ ਕਾਕਾ ਤੇ ਗੀਤਕਾਰ ਤੇ ਕਲਾਕਾਰ ਸ੍ਰੀ ਬਰਾੜ ਦਾ ਪੁਸ਼ਪਿੰਦਰ ਸਿੰਘ ਉਰਫ਼ ਪਿੰਕੀ ਧਾਲੀਵਾਲ ਨਾਲ ਹੋਰ ਮਾਮਲੇ ਸਾਹਮਣੇ ਆਏ ਹਨ।
ਹੁਣ ਪਿੰਕੀ ਧਾਲੀਵਾਲ ਨੂੰ ਲੈ ਕੇ Shree Brar ਨੇ ਰੋਜ਼ਾਨਾ ਸਪੋਕਸਮੈਨ ਨਾਲ Exclusive Interview ਦੌਰਾਨ ਵੱਡੇ ਖ਼ੁਲਾਸੇ ਕੀਤੇ ਹਨ। ਸ੍ਰੀ ਬਰਾੜ ਨੇ ਕਿਹਾ ਕਿ ਸੁਨੰਦਾ ਸ਼ਰਮਾ ਦਾ ਮਾਮਲਾ ਸਾਡੇ ਤੋਂ ਅਲੱਗ ਹੈ। ਮੇਰਾ ਤੇ ਗਾਇਕ ਕਾਕਾ ਦਾ ਮਾਮਲਾ ਕੁੱਝ ਮਿਲਦਾ-ਜੁਲਦਾ ਹੈ। ਸਾਡੇ ਮਾਮਲੇ ਵਿਚ ਪਿੰਕੀ ਧਾਲੀਵਾਲ ਪ੍ਰਡਿਊਸਰ ਨਹੀਂ ਉਹ ਸਰਵਿਸ ਪਰਵਾਈਡਰ ਹੈ। ਸਰਵਿਸ ਪਰਵਾਈਡਰ ਉਹ ਹੁੰਦਾ ਹੈ ਜਿਸ ਕੋਲ ਸਾਡੇ ਵਲੋਂ ਗਾਏ ਗੀਤਾਂ ਜਾਂ ਲਿਖੇ ਗੀਤਾਂ ਦਾ ਸਾਰਾ ਪੈਸਾ ਆਉਂਦਾ ਹੈ। ਸਾਡੇ ਮਾਮਲੇ ਵਿਚ ਪਿੰਕੀ ਧਾਲੀਵਾਲ ਕੋਲ ਸਾਡੇ ਕਿੰਨੇ ਪੈਸੇ ਆਏ ਜਿਸ ਬਾਰੇ ਉਨ੍ਹਾਂ ਨੇ ਸਾਨੂੰ ਕੋਈ ਜਾਣਕਾਰੀ ਤੇ ਨਾ ਹੀ ਹਿਸਾਬ ਦਿਤਾ ਹੈ,
ਜੋ ਕਿ 2 ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਤੇ ਮੈਂ ਲਗਾਤਾਰ ਇਸ ਮਾਮਲੇ ’ਤੇ ਲੜਾਈ ਲੜ ਰਿਹਾ ਹਾਂ ਤੇ ਮੈਂ ਕਹਿੰਦਾ ਵੀ ਰਿਹਾ ਹਾਂ ਕਿ ਮੇਰਾ ਹਿਸਾਬ ਕਰਵਾ ਦਿਉ, ਪਰ ਹੁਣ ਤਕ ਮੈਨੂੰ ਕੋਈ ਹਿਸਾਬ ਨਹੀਂ ਦਿਤਾ ਗਿਆ ਹੈ। ਕਈਂ ਵਾਰ ਮੈਂ ਉੱਚ ਅਧਿਕਾਰੀਆਂ ਕੋਲ ਵੀ ਗਿਆ ਪਰ ਪਿੰਕੀ ਧਾਲੀਵਾਲ ਵਲੋਂ ਮੈਨੂੰ ਕਿਹਾ ਗਿਆ ਕਿ ਨਾ ਹੀ ਸਰਕਾਰ ਤੇ ਨਾ ਹੀ ਪੁਲਿਸ ਮੇਰਾ ਕੁੱਝ ਨਹੀਂ ਵਿਗਾੜ ਸਕਦੀ, ਜਿਸ ਦੀਆਂ ਰਿਕਾਰਡਿੰਗਾਂ ਵੀ ਮੇਰੇ ਕੋਲ ਪਈਆਂ ਹਨ। ਆਖ਼ਰ ਵਿਚ ਤਾਂ ਪਿੰਕੀ ਧਾਲੀਵਾਲ ਨੇ ਮੈਨੂੰ ਇਹ ਵੀ ਕਹਿ ਦਿਤਾ ਸੀ ਕਿ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ।
ਪਰ ਜਦੋਂ ਸੁਨੰਦਾ ਸ਼ਰਮਾ ਦੇ ਮਾਮਲੇ ਵਿਚ ਸਰਕਾਰ ਨੇ ਦਖ਼ਲ ਦਿਤਾ ਤਾਂ ਮੈਨੂੰ ਵੀ ਲੱਗਾ ਕਿ ਸਰਕਾਰ ਸਾਡਾ ਮਸਲਾ ਹੱਲ ਕਰ ਸਕਦੀ ਹੈ। ਪਹਿਲਾਂ ਸਿੱਧੂ ਮੂਸੇਵਾਲਾ ਨਾਲ ਪਿੰਕੀ ਧਾਲੀਵਾਲ ਨੇ ਹਿਸਾਬ ਨਹੀਂ ਕੀਤਾ ਸੀ ਤੇ ਮੂਸੇਵਾਲਾ ਦਾ ਮੈਨੂੰ ਫ਼ੋਨ ਆਇਆ ਸੀ ਕਿ ਬਰਾੜ ਤੂੰ ਇਨ੍ਹਾਂ ਨਾਲ ਹਿਸਾਬ ਕਿਉਂ ਨਹੀਂ ਕਰਦਾ। ਪਰ ਮੈਂ ਉਸ ਦੀ ਗੱਲ ਸਮਝ ਨਹੀਂ ਪਾਇਆ। ਪਰ ਜਦੋਂ ਦੂਜੀ ਵਾਰ ਸਿੱਧੂ ਨੇ ਮੈਨੂੰ ਫ਼ੋਨ ਕਰ ਕੇ ਸਮਝਾਇਆ ਕਿ ਤੂੰ ਆਪਣਾ ਹਿਸਾਬ ਇਸ ਤਰ੍ਹਾਂ ਚੈੱਕ ਕਰ ਜਿਸ ਤੋਂ ਬਾਅਦ ਮੈਂ ਆਪਣਾ ਹਿਸਾਬ ਚੈੱਕ ਕੀਤਾ ਤੇ ਮੈਨੂੰ ਪਤਾ ਚੱਲਿਆ ਗਿਆ ਮੈਂ ਬਹੁਤ ਬੁਰੀ ਤਰ੍ਹਾਂ ਫਸ ਚੁੱਕਿਆ ਹਾਂ।
ਜਦੋਂ ਮੈਂ ਪਿੰਕੀ ਧਾਲੀਵਾਲ ਨਾਲ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਕਿਹਾ ਗਿਆ ਕਿ ਤੂੰ ਐਸਬੀਆਈ ਬੈਂਕ ਵਿਚ ਆਪਣਾ ਖਾਤਾ ਖੁੱਲ੍ਹਵਾ ਲੈ ਜਿਸ ਵਿਚ ਤੇਰਾ ਸਾਰਾ ਪੈਸਾ ਆਇਆ ਕਰੇਗਾ, ਪਰ ਉਸ ਖਾਤੇ ਨਾਲ ਪਿੰਕੀ ਧਾਲੀਵਾਲ ਨੇ ਆਪਣਾ ਫ਼ੋਨ ਨੰਬਰ ਜੁਆਇੰਟ ਕਰਵਾਇਆ ਹੋਇਆ ਸੀ ਤੇ ਉਹ ਇਸ ਵਿਚੋਂ ਆਪ ਹੀ ਲੈਣ ਦੇਣ ਕਰਦਾ ਰਿਹਾ। ਜਦੋਂ ਮੈਂ ਬੈਂਕ ਵਿਚ ਜਾ ਕੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਖਾਤੇ ਨਾਲ ਤਾਂ ਧਾਲੀਵਾਲ ਦਾ ਨੰਬਰ ਜੁਆਇੰਟ ਹੈ ਤੇ ਕਰੋੜਾਂ ਰੁਪਏ ਦਾ ਲੈਣ ਦੇਣ ਹੋ ਚੁੱਕਾ ਹੈ, ਉਸ ਵਕਤ ਮੇਰੇ ਖਾਤੇ ਵਿਚ ਵਿਚ ਸਿਰਫ਼ 12 ਹਜ਼ਾਰ ਰੁਪਏ ਸੀ।
ਉਨ੍ਹਾਂ ਕਿਹਾ ਕਿ ਇਹ ਲੋਕ ਬਹੁਤ ਪਾਵਰਫੁਲ ਤੇ ਤੇਜ਼ ਹਨ ਤੇ ਇਨ੍ਹਾਂ ਕੋਲ ਪੈਸਾ ਬਹੁਤ ਹੈ ਜਿਸ ਨਾਲ ਇਹ ਲੋਕਾਂ ਖ਼ਰੀਦ ਲੈਂਦੇ ਹਨ। ਮੈਂ ਕਾਂਗਰਸ ਦੀ ਸਰਕਾਰ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਵੀ ਆਪਣੀ ਸ਼ਿਕਾਇਤ ਲੈ ਕੇ ਗਿਆ ਸੀ, ਪਰ ਇਨ੍ਹਾਂ ਨੇ ਮੇਰੇ ਪੈਰ ਨਹੀਂ ਲੱਗਣ ਦਿਤੇ। ਉਨ੍ਹਾਂ ਕਿਹਾ ਕਿ ਮੈਂ ਧਾਲਾਵਾਲ ਤੋਂ ਸਿਰਫ਼ ਇਹ ਹੀ ਮੰਗ ਕੀਤੀ ਸੀ ਕਿ ਜਿੰਨੇ ਮੇਰੇ ਪੈਸੇ ਬਣਦੇ ਹਨ ਚਾਹੇ ਉਹ 1 ਲੱਖ ਚਾਹੇ 10 ਲੱਖ ਹੈ ਜਾਂ ਫਿਰ ਹਿਸਾਬ ਵਿਚ ਉਨ੍ਹਾਂ ਦਾ ਮੇਰੇ ਵਲ ਬਕਾਇਆ ਨਿਕਲਦਾ ਹੈ ਮੈਂ ਦੇਣ ਲਈ ਤਿਆਰ ਹਾਂ, ਪਰ ਬੈਠ ਕੇ ਹਿਸਾਬ ਕਰੋ।
ਮੈਂ ਉਨ੍ਹਾਂ ਤੋਂ ਕੋਈ ਬਨਵੇਂ ਪੈਸੇ ਨਹੀਂ ਮੰਗ ਰਿਹਾ ਹਾਂ ਕਿ ਮੈਨੂੰ ਤੁਸੀਂ ਇੰਨੇ ਪੈਸੇ ਦਿਉ, ਮੈਂ ਤਾਂ ਸਿਰਫ਼ ਆਪਣਾ ਹੱਕ ਮੰਗ ਰਿਹਾ ਹਾਂ। ਮੈਨੂੰ ਇੰਡਸਟਰੀ ਦੇ ਕਾਫ਼ੀ ਲੋਕਾਂ ਮਿੱਤਰਾਂ ਦੇ ਫ਼ੋਨ ਆਏ ਹਨ ਕਿ ਅਸੀਂ ਤੇਰੇ ਨਾਲ ਖੜ੍ਹੇ ਹਾਂ, ਪਰ ਕੁੱਝ ਅਜਿਹੇ ਲੋਕ ਵੀ ਹਨ ਜੋ ਇਨ੍ਹਾਂ ਲੋਕਾਂ ਤੋਂ ਦੂਰ ਹੀ ਰਹਿਣਾ ਚਾਹੁੰਦੇ ਹਨ। ਪੰਜਾਬ ਪੁਲਿਸ ਨੇ ਜਾਂਚ ਦੌਰਾਨ ਬਣਦੀ ਕਾਰਵਾਈ ਕਰਨ ਦਾ ਸਾਨੂੰ ਭਰੋਸਾ ਦਿਤਾ ਹੈ। ਮੇਰੀ ਅੱਜ ਤਕ ਸੁਨੰਦਾ ਸ਼ਰਮਾ ਨਾਲ ਕੋਈ ਗੱਲ ਨਹੀਂ ਹੋਈ ਪਰ ਗਾਇਕ ਕਾਕਾ ਨਾਲ ਕੁੱਝ ਦਿਨ ਪਹਿਲਾਂ ਤੋਂ ਇਕ ਦੋ ਵਾਰ ਗੱਲ ਹੋਈ ਹੈ।
ਸਾਡੀ ਇੰਡਸਟਰੀ ਵਿਚ ਏਕਾ ਨਹੀਂ ਹੈ ਜਿਸ ਕਾਰਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ। ਸਾਡੇ ਤੋਂ ਜੋ ਸੀਨੀਅਰ ਗਾਇਕ ਜਾਂ ਗੀਤਕਾਰ ਆਦਿ ਹਨ ਉਨ੍ਹਾਂ ਨੂੰ ਅੱਗੇ ਆ ਕੇ ਸਾਡਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਜਿਹੜੀ ਮੁਸ਼ਕਲ ਦਾ ਸਾਹਮਣਾ ਅਸੀਂ ਕਰ ਰਹੇ ਹਾਂ ਕੱਲ੍ਹ ਨੂੰ ਉਨ੍ਹਾਂ ਨੂੰ ਜਾਂ ਫਿਰ ਆਉਣ ਵਾਲੇ ਗਾਇਕਾਂ ਜਾਂ ਫਿਰ ਹੋਰ ਕਲਾਕਾਰਾਂ ਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਜੇ ਤਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਹੁਣ ਇਨ੍ਹਾਂ ’ਤੇ ਕੋਈ ਕਾਰਵਾਈ ਕੀਤੀ ਤਾਂ ਇਹ ਲੋਕ ਸੁਧਰ ਜਾਣਗੇ ਨਹੀਂ ਤਾਂ ਇਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਰਹਿਣਾ ਤੇ ਇਹ ਲੋਕ ਹੋਰ ਜ਼ਿਆਦਾ ਤੇਜ਼ੀ ਨਾਲ ਅਜਿਹੇ ਕੰਮ ਕਰਨਗੇ ਤੇ ਲੋਕਾਂ ਨਾਲ ਹੋਰ ਧੱਕਾ ਕਰਨਗੇ।