ਸੈਕਟਰ-71 ਸਪੋਰਟਸ ਕੰਪਲੈਕਸ 'ਚ ਰਾਤੋ-ਰਾਤ ਲਾਇਆ ਮੋਬਾਈਲ ਟਾਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਬਿਜਲੀ ਦਾ ਗਰਿਡ ਲਗਾ ਕੇ ਵਧਾਈ ਸੀ ਮੁਸ਼ਕਲ

People strike Against Mobile Tower

ਐਸ.ਏ.ਐਸ.ਨਗਰ : ਸੈਕਟਰ-71 ਦੇ ਸਪੋਰਟਸ ਕੰਪਲੈਕਸ ਵਿਚ ਸ਼ੁਕਰਵਾਰ ਨੂੰ ਉਸ ਸਮੇਂ ਮਾਹੌਲ ਭਖ ਗਿਆ ਜਦ ਇਕ ਨਾਮੀ ਟੈਲੀਫ਼ੋਨ ਕੰਪਨੀ ਦੁਆਰਾ ਉਥੇ ਰਾਤੋਂ ਰਾਤ ਮੋਬਾਈਲ ਟਾਵਰ ਲਗਾ ਦਿਤਾ ਗਿਆ। ਜਿਵੇਂ ਹੀ ਮਾਮਲਾ ਲੋਕਾਂ ਦੇ ਧਿਆਨ ਵਿਚ ਆਇਆ, ਸੱਭ ਇੱਕਜੁਟ ਹੋ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਸਪੋਰਟਸ ਕੰਪਲੈਕਸ ਵਿਚ ਟਾਵਰ ਲਗਾਉਣ ਦੀ ਪ੍ਰਵਾਨਗੀ ਦੇ ਕੇ ਗਮਾਡਾ ਨੇ ਕਾਫ਼ੀ ਗ਼ਲਤ ਕੀਤਾ ਹੈ। ਇਸ ਨਾਲ ਲੋਕਾਂ ਦੀ ਸਿਹਤ 'ਤੇ ਭੈੜਾ ਅਸਰ ਪਵੇਗਾ। ਉਨ੍ਹਾਂ ਦੀ ਦਲੀਲ ਸੀ ਕਿ ਇਲਾਕੇ ਵਿਚ ਪਹਿਲਾਂ ਕੈਂਸਰ ਦੇ 10 ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਚੁਕੇ ਹਨ। ਦੂਜੇ ਪਾਸੇ ਸਪੋਟਰਸ ਕੰਪਲੈਕਸ ਵਿਚ ਜ਼ਿਆਦਾਤਰ ਬੱਚੇ ਅਤੇ ਜਵਾਨ ਖੇਡਣ ਆਉਂਦੇ ਹਨ। ਟਾਵਰ ਨਾਲ ਉਨ੍ਹਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਪਵੇਗਾ। ਇਸ ਦੌਰਾਨ ਉਨ੍ਹਾਂ ਜੰਮ ਕੇ ਨਾਹਰੇਬਾਜ਼ੀ ਕੀਤੀ, ਨਾਲ ਹੀ ਗਮਾਡਾ ਤੋਂ ਅਪੀਲ ਕੀਤੀ ਹੈ ਕਿ ਇਸਨੂੰ ਪਹਿਲ ਦੇ ਆਧਾਰ 'ਤੇ ਤੁਰਤ ਹਟਾਇਆ ਜਾਵੇ। ਜੇ ਇਸ ਨੂੰ ਹਟਾਇਆ ਨਹੀਂ ਗਿਆ ਤਾਂ ਲੋਕ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਰਹਿਣਗੇ। ਇਸ ਦੌਰਾਨ ਹੋਣ ਵਾਲੇ ਨੁਕਸਾਨ ਲਈ ਸਰਕਾਰ ਅਤੇ ਪ੍ਰਸ਼ਸਨ ਜ਼ਿੰਮੇਦਾਰ ਰਹੇਗਾ। 

ਜਾਣਕਾਰੀ ਅਨੁਸਾਰ ਸੈਕਟਰ-71 ਸ਼ਹਿਰ ਦੇ ਪ੍ਰਾਇਮ ਸੈਕਟਰਾਂ ਵਿਚ ਸ਼ੁਮਾਰ ਹੈ। ਇਥੇ ਜ਼ਿਆਦਾਤਰ ਫ਼ੌਜ ਤੋਂ ਸੇਵਾ ਮੁਕਤ ਅਧਿਕਾਰੀ ਅਤੇ ਲੋਕ ਰਹਿੰਦੇ ਹਨ। ਉਥੇ ਹੀ, ਜਿਸ ਜਗ੍ਹਾ 'ਤੇ ਸਪੋਰਟਸ ਕੰਪਲੈਕਸ ਹੈ, ਉਸ ਦੇ ਬਿਲਕੁਲ ਸਾਹਮਣੇ ਹੀ ਕਾਰਗਿਲ ਪਾਰਕ ਸਥਿਤ ਹੈ। ਜਿਥੇ ਅਕਸਰ ਲੋਕ ਸੈਰ ਅਤੇ ਜਾਗਿੰਗ ਆਦਿ ਲਈ ਆਉਂਦੇ ਰਹਿੰਦੇ ਹਨ। ਟਾਵਰ ਲੱਗਣ ਨਾਲ ਉਨ੍ਹਾਂ ਦੀ ਸਿਹਤ ਉੱਤੇ ਭੈੜਾ ਅਸਰ ਪਵੇਗਾ। ਲੋਕਾਂ ਦਾ ਕਹਿਣਾ ਸੀ ਕਿ ਚਾਰ ਦਿਨ ਪਹਿਲਾਂ ਕੰਪਨੀ ਨੇ ਟਾਵਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ। ਜਦੋਂ ਸਕਿਊਰਿਟੀ ਗਾਰਡ ਨੇ ਉਨ੍ਹਾਂ ਨੂੰ ਇਸ ਸਬੰਧੀ ਪੁੱਛਗਿਛ ਕੀਤੀ ਸੀ ਤਾਂ ਉਨ੍ਹਾਂ ਦੀ ਦਲੀਲ ਸੀ ਕਿ ਪਾਣੀ ਲਈ ਡਰਿੱਲ ਕਰ ਰਹੇ ਹਾਂ। ਜਿਵੇਂ ਹੀ ਰਾਤ ਨੂੰ ਸਕਿÀਰਿਟੀ ਗਾਰਡ ਚਲੇ ਗਏ। ਇਸ ਤੋਂ ਬਾਅਦ ਕੰਪਨੀ  ਦੇ ਮੁਲਾਜ਼ਮਾਂ ਨੇ ਰਾਤੋ-ਰਾਤ ਉਥੇ ਟਾਵਰ ਖੜਾ ਕਰ ਦਿਤਾ। ਲੋਕਾਂ ਦਾ ਕਹਿਣਾ ਹੈ ਕਿ ਉਹ ਅਪਣੀ ਸਿਹਤ ਨਾਲ ਖਿਲਬਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਜੇ ਗਮਾਡਾ ਅਤੇ ਪ੍ਰਸ਼ਾਸਨ ਨੇ ਅਪਣੀ ਯੋਜਨਾ ਨਹੀਂ ਬਦਲੀ ਤਾਂ ਸੰਘਰਸ਼ ਅਤੇ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਖਪਾਲ ਸਿੰਘ ਝੱਜ, ਕਰਨਲ ਦਵਿੰਦਰ ਪਾਲ ਸਿੰਘ, ਪ੍ਰੀਤਮ ਸਿੰਘ ਭੋਪਾਲ, ਬ੍ਰਗੇਡਿਅਰ ਜੇ.ਐਸ. ਘੁੰਮਣ, ਸੈਮ ਚਹਿਲ ਸਮੇਤ ਕਈ ਲੋਕ ਹਾਜ਼ਰ ਸਨ।