ਦਿੱਲੀ ਗੁਰਦਵਾਰਾ ਕਮੇਟੀ ਦੇ ਤਿੰਨ ਸੀਨੀਅਰ ਮੁਲਾਜ਼ਮਾਂ 'ਤੇ ਜਿਨਸੀ ਛੇੜਛਾੜ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਸਟਿਸ ਆਰ.ਐਸ.ਸੋਢੀ ਕਰਨਗੇ ਪੜਤਾਲ 

sexual molestation

ਜਿਨਸੀ ਛੇੜਛਾੜ ਦੇ ਦੋ ਮਾਮਲਿਆਂ ਦੀ ਪੜਤਾਲ ਲਈ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਸੇਵਾਮੁਕਤ ਜੱਜ ਆਰ.ਐਸ.ਸੋਢੀ ਨੂੰ ਨਾਮਜ਼ਦ ਕੀਤਾ ਹੈ। ਇਸ ਬਾਰੇ ਸ.ਜੀ.ਕੇ. ਨੇ ਅੱਜ ਜਸਟਿਸ ਸੋਢੀ ਨੂੰ ਚਿੱਠੀ ਨੰਬਰ 4451/2-1 ਰਾਹੀਂ 30 ਅਪ੍ਰੈਲ ਤੱਕ ਅਪਣੀ ਰੀਪੋਰਟ ਦੇਣ ਲਈ ਕਿਹਾ ਹੈ। ਕਮੇਟੀ ਦੇ ਸਲਾਹਕਾਰ ਸ.ਕੁਲਮੋਹਨ ਸਿੰਘ ਜਸਟਿਸ ਸੋਢੀ ਨੂੰ ਸਹਿਯੋਗ ਕਰਨਗੇ।ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ, ਮੀਤ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਅਤੇ ਬਲਬੀਰ ਸਿੰਘ ਜਿਨਸੀ ਛੇੜਛਾੜ ਦੇ ਦੋ ਮਾਮਲਿਆਂ ਵਿਚ ਘਿਰੇ ਹੋਏ ਹਨ। ਕਮੇਟੀ ਸੂਤਰਾਂ ਮੁਤਾਬਕ ਇਕ ਅਖਉਤੀ ਦੋਸ਼ੀ ਨੂੰ ਅਦਾਲਤ ਨੇ ਜ਼ਮਾਨਤ ਦਿਤੀ ਹੋਈ ਹੈ ਤੇ ਬਾਕੀ ਅਖਉਤੀ ਦੋਸ਼ੀਆਂ ਨੇ ਜ਼ਮਾਨਤ ਅਰਜ਼ੀ ਲਾਈ ਹੋਈ ਹੈ।

ਬਰਤਾਨੀਆ ਦੌਰੇ ਤੋਂ ਵਾਪਸ ਪਰਤੇ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਅੱਜ ਮੁੜ ਤਿੰਨੇ ਸੀਨੀਅਰ ਅਫ਼ਸਰਾਂ ਨੂੰ ਪੜਤਾਲ ਹੋਣ ਤੱਕ ਮੁਅੱਤਲ ਰੱਖਣ ਦਾ ਹੁਕਮ ਦਿਤਾ ਹੈ। ਇਸ ਤੋਂ ਪਹਿਲਾਂ ਜਦੋਂ ਸ.ਜੀ.ਕੇ. ਵਿਦੇਸ਼ ਵਿਚ ਸਨ, ਉਦੋਂ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਤਿੰਨੇ ਅਖਉਤੀ ਦੋਸ਼ੀਆਂ ਨੂੰ ਅਹੁਦਿਆਂ ਤੋਂ ਮੁਅੱਤਲ ਕਰ ਦਿਤਾ ਸੀ ਤੇ ਇਕ ਪੜਤਾਲੀਆ ਕਮੇਟੀ ਕਾਇਮ ਕਰ ਦਿਤੀ ਸੀ, ਪਰ ਪਿਛੋਂ ਕਮੇਟੀ ਦੇ ਹੀ ਕਾਰਜਕਾਰੀ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਨੇ ਸਿਰਸਾ ਦੇ ਹੁਕਮਾਂ ਨੂੰ ਪਲਟਾ ਦਿਤਾ ਸੀ, ਪਰ ਅੱਜ ਮੁੜ ਸ.ਮਨਜੀਤ ਸਿੰਘ ਜੀ.ਕੇ. ਨੇ ਤਿੰਨੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਹੈ। ਪੜਤਾਲ ਪੂਰੀ ਹੋਣ ਤੱਕ ਗੁਰਦਵਾਰਾ ਬੰਗਲਾ ਸਾਹਿਬ ਕਮੇਟੀ ਦੇ ਮੈਨੇਜਰ ਸ.ਧਰਮਿੰਦਰ ਸਿੰਘ ਨੂੰ ਆਰਜ਼ੀ ਜਨਰਲ ਮੈਨੇਜਰ ਥਾਪਿਆ ਗਿਆ ਹੈ।