ਹੁਣ ਬੁੜੈਲ ਜੇਲ 'ਚ ਬੰਦ ਭਾਈ ਤਾਰਾ ਨੂੰ ਜੇਲ ਅਧਿਕਾਰੀਆਂ ਤੋਂ ਜਾਨ ਨੂੰ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਦੀ ਅਦਾਲਤ 'ਚ ਪੇਸ਼ੀ ਦੌਰਾਨ ਬੁੜੇਲ ਜੇਲ ਦੇ ਅਧਿਕਾਰੀਆਂ 'ਤੇ ਲਾਏ ਮਾਰਨ ਦੀ ਸਾਜ਼ਸ਼ ਘੜਨ ਦੇ ਦੋਸ਼

Bhai Tara

ਬਠਿੰਡਾ, 21 ਅਪ੍ਰੈਲ ਦੋ ਦਿਨ ਪਹਿਲਾਂ ਸਾਬਕਾ ਖਾੜਕੂ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਪਟਿਆਲਾ ਜੇਲ 'ਚ ਹੋਈ ਰਹੱਸਮਈ ਹਾਲਾਤ 'ਚ ਹੋਈ ਮੌਤ ਤੋਂ ਬਾਅਦ ਹੁਣ ਚੰਡੀਗੜ੍ਹ ਦੀ ਬੁੜੈਲ ਜੇਲ 'ਚ ਬੰਦ ਭਾਈ ਜਗਤਾਰ ਸਿੰਘ ਤਾਰਾ  ਨੇ ਜੇਲ ਅਧਿਕਾਰੀਆਂ ਤੋਂ ਅਪਣੀ ਜਾਨ ਨੂੰ ਖ਼ਤਰਾ ਦਸਿਆ ਹੈ। ਉਨ੍ਹਾਂ ਜੇਲ ਦੇ ਸੁਪਰਡੈਂਟ ਸਣੇ 6 ਅਧਿਕਾਰੀਆਂ ਉਪਰ ਉਸ ਨੂੰ ਜੇਲ ਅੰਦਰ ਹੀ ਮਾਰੇ ਜਾਣ ਦੀ ਸਾਜ਼ਸ਼ ਘੜਨ ਦੇ ਦੋਸ਼ ਲਾਏ ਹਨ। ਭਾਈ ਤਾਰਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਥਿਤ ਕਤਲ ਦੇ ਦੋਸ਼ਾਂ ਹੇਠ ਉਕਤ ਜੇਲ ਵਿਚ ਬੰਦ ਹਨ। ਉਨ੍ਹਾਂ ਬਠਿੰਡਾ ਦੇ ਵਧੀਕ ਜਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਵਿਚ ਵੀਡੀਉ ਕਾਨਫ਼ਰੰਸ ਰਾਹੀਂ ਪੇਸ਼ੀ ਭੁਗਤਦਿਆਂ ਇਹ ਪ੍ਰਗਟਾਵਾ ਕੀਤਾ। ਸੂਤਰਾਂ ਅਨੁਸਾਰ ਜਦੋਂ ਭਾਈ ਤਾਰਾ ਨੇ ਜੇਲ ਅਧਿਕਾਰੀਆਂ ਉਪਰ ਅਜਿਹੇ ਦੋਸ਼ ਲਗਾਉਣੇ ਸ਼ੁਰੂ ਕੀਤੇ ਤਾਂ ਜੇਲ ਅਧਿਕਾਰੀਆਂ ਨੇ ਮਾਈਕ ਦੀ ਆਵਾਜ਼ ਬੰਦ ਕਰ ਦਿਤੀ। ਇਸ ਘਟਨਾ ਦਾ ਅਦਾਲਤ ਵਿਚ ਮੌਜੂਦ ਭਾਈ ਤਾਰਾ ਦੇ ਵਕੀਲ ਵਲੋਂ ਵਿਰੋਧ ਕਰਨ 'ਤੇ ਅਦਾਲਤ ਦੇ ਹੁਕਮਾਂ 'ਤੇ ਆਵਾਜ਼ ਨੂੰ ਮੁੜ ਸ਼ੁਰੂ ਕੀਤਾ ਗਿਆ। 

ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਬਾਅਦ ਵਿਚ ਸੰਪਰਕ ਕਰਨ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਦਾਲਤ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਇਕ ਨੋਟਿਸ ਜਾਰੀ ਕਰ ਕੇ 11 ਮਈ ਤਕ ਇਸ ਮਾਮਲੇ 'ਚ ਜਵਾਬ ਦੇਣ ਦੇ ਆਦੇਸ਼ ਦਿਤੇ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਉੱਚ ਪਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਨੌਜਵਾਨਾਂ ਨੂੰ ਇਕ ਸਾਜ਼ਸ਼ ਤਹਿਤ ਜਾਣਬੁੱਝ ਕੇ  ਜੇਲਾਂ ਅੰਦਰ ਖ਼ਤਮ ਕੀਤਾ ਜਾ ਰਿਹਾ।  ਦਸਣਾ ਬਣਦਾ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਉਪਰ 18 ਨਵੰਬਰ 2014 ਨੂੰ ਥਾਣਾ ਕੋਤਵਾਲੀ ਬਠਿੰਡਾ ਵਿਚ ਧਮਾਕਾਖ਼ੇਜ਼ ਸਮੱਗਰੀ ਰੱਖਣ ਅਤੇ ਅਸਲਾ ਐਕਟ ਤੋਂ ਇਲਾਵਾ ਗ਼ੈਰ 


ਕਾਨੂੰਨੀ ਕੰਮ ਕਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ 'ਚ ਦੋ ਹੋਰ ਨੌਜਵਾਨ ਰਮਨਦੀਪ ਸਿੰਘ ਸੰਨੀ ਅਤੇ ਭਾਈ ਅਮਰਜੀਤ ਸਿੰਘ ਵੀ ਸ਼ਾਮਲ ਹਨ। ਸੁਰੱਖਿਆ ਪ੍ਰਬੰਧਾਂ ਦੇ ਚੱਲਦੇ ਜੇਲ ਅਧਿਕਾਰੀਆਂ ਵਲੋਂ ਭਾਈ ਤਾਰਾ ਨੂੰ ਨਿਜੀ ਤੌਰ 'ਤੇ ਪੇਸ਼ ਕਰਨ ਦੀ ਬਜਾਏ ਵੀਡੀਉ ਕਾਨਫ਼ਰੰਸ ਰਾਹੀ ਹੀ ਪੇਸ਼ੀ ਭੁਗਤਾਈ ਜਾਂਦੀ ਹੈ। ਹਾਲਾਂਕਿ ਭਾਈ ਤਾਰਾ ਦੇ ਵਕੀਲ ਸ: ਖਾਰਾ ਨੇ ਦਾਅਵਾ ਕੀਤਾ ਕਿ ਹੁਣ ਉਸ ਦੇ ਮੁਵੱਕਲ ਉਪਰ ਲੱਗੀ ਧਾਰਾ 268 ਵੀ ਖ਼ਤਮ ਹੋ ਚੁੱਕੀ ਹੈ, ਜਿਸ ਦੇ ਚੱਲਦੇ ਉਨ੍ਹਾਂ ਅਦਾਲਤ ਵਿਚ ਭਾਈ ਜਗਤਾਰ ਸਿੰਘ ਤਾਰਾ ਨੂੰ ਅਦਾਲਤ ਵਿਚ ਨਿਜੀ ਤੌਰ 'ਤੇ ਪੇਸ਼ ਹੋਣ ਦੀ ਇਜਾਜ਼ਤ ਦੇਣ ਲਈ ਅਰਜ਼ੀ ਲਾਈ ਹੈ। 
ਦਸਣਾ ਬਣਦਾ ਹੈ ਕਿ ਕੁੱਝ ਸਾਲ ਪਹਿਲਾਂ ਬੁੜੈਲ ਜੇਲ ਵਿਚੋਂ ਸੁਰੰਗ ਪੱਟ ਕੇ ਫ਼ਰਾਰ ਹੋਣ ਵਾਲਿਆਂ ਵਿਚ ਭਾਈ ਜਗਾਤਰ ਸਿੰਘ ਤਾਰਾ ਵੀ ਸ਼ਾਮਲ ਸੀ ਜਿਸ ਨੂੰ ਬਾਅਦ ਵਿਚ ਫੜ ਲਿਆ ਸੀ। ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਦਸਿਆ ਕਿ ਭਾਈ ਤਾਰਾ ਨੇ ਸਪੱਸ਼ਟ ਤੌਰ 'ਤੇ ਜੇਲ ਸੁਪਰਡੈਂਟ ਐਸ. ਕੇ. ਜੈਨ, ਸਹਾਇਕ ਸੁਪਰਡੈਂਟ ਪ੍ਰਮੋਦ ਖੱਤਰੀ, ਜੈ ਕਿਸ਼ਨ ਹੈਡ ਵਾਰਡਨ, ਧਰਮਪਾਲ ਹੈਡ ਵਾਰਡਨ, ਦੀਪ ਕੁਮਾਰ ਵਾਰਡਨ ਅਤੇ ਡਾ: ਨੀਨਾ ਚੌਧਰੀ ਤੋਂ ਅਪਣੀ ਜਾਨ ਨੂੰ ਖ਼ਤਰਾ ਦਸਿਆ ਹੈ। ਵਕੀਲ ਖਾਰਾ ਮੁਤਾਬਕ ਜੇਕਰ ਭਾਈ ਤਾਰਾ ਨੇ ਜੇਲ ਵਿਚ ਅਪਣੀ ਮੌਤ ਹੋਣ 'ਤੇ ਉਕਤ 6 ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕਿਹਾ ਹੈ। 
ਜੇਲ ਸੁਪਰਡੈਂਟ ਨੇ ਨਕਾਰੇ ਦੋਸ਼: ਦੂਜੇ ਪਾਸੇ ਜਦ ਬੁੜੈਲ ਜੇਲ ਦੇ ਸੁਪਰਡੈਂਟ ਐਸ.ਕੇ. ਜੈਨ ਨਾਲ ਇਨ੍ਹਾਂ ਦੋਸ਼ਾਂ ਬਾਰੇ ਸੰਪਰਕ ਕੀਤਾ ਤਾਂ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਭਾਈ ਤਾਰਾ ਨੇ ਇਸ ਸਬੰਧ ਵਿਚ ਪਹਿਲਾਂ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਜੇਲ ਸੁਪਰਡੈਂਟ ਨੇ ਕਿਹਾ ਕਿ ਜੇਲ ਵਿਚ ਸਾਰੇ ਕੈਦੀਆਂ ਤੇ ਹਵਾਲਾਤੀਆਂ ਨਾਲ ਇੱਕੋ-ਜਿਹਾ ਵਿਵਹਾਰ ਕੀਤਾ ਜਾਂਦਾ ਹੈ ਤੇ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ।