ਵਿਆਹ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲੀਆਂ ਬਰਾਤ ਵਾਲੀ ਕਾਰ ਟਰੱਕ ਵਿਚ ਵੱਜੀ
ਦੋ ਔਰਤਾਂ ਦੀ ਮੌਤ, ਚਾਰ ਬੱਚੇ ਜ਼ਖ਼ਮੀ
ਨਵੀਂ ਆਬਾਦੀ ਦੇ ਪਰਵਾਰ ਦੇ ਵਿਆਹ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦ ਬਾਰਾਤ ਲੈ ਕੇ ਵਾਪਸ ਆ ਰਹੇ ਪਰਵਾਰ ਦੇ ਰਿਸ਼ਤੇਦਾਰਾਂ ਦੀ ਕਾਰ ਸੜਕ ਕੰਢੇ ਖੜੇ ਟਰੱਕ ਨਾਲ ਜਾ ਟਕਰਾਈ ਜਿਸ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਬੱਚੇ ਸਣੇ ਚਾਰ ਜਣੇ ਜ਼ਖ਼ਮੀ ਹੋ ਗਏ। ਪ੍ਰਹਿਲਾਦ ਚੰਦ ਦੇ ਪੁੱਤਰ ਮਨੋਜ ਦਾ ਵਿਆਹ ਬੀਤੀ ਰਾਤ ਸਾਦੂਲ ਸ਼ਹਿਰ (ਰਾਜਸਥਾਨ) ਵਿਚ ਹੋਇਆ ਸੀ। ਬਾਰਾਤ ਅੱਜ ਸਵੇਰੇ ਵਾਪਸ ਅਬੋਹਰ ਆ ਰਹੀ ਸੀ ਕਿ ਪ੍ਰਹਿਲਾਦ ਚੰਦ ਦੇ ਰਿਸ਼ਤੇਦਾਰਾਂ ਦੀ ਕਾਰ ਸਵੇਰੇ 7 ਕੁ ਵਜੇ ਹਨੂੰਮਾਨਗੜ੍ਹ ਬਾਈਪਾਸ ਕੋਲ ਸੜਕ ਕੰਢੇ ਖੜੇ ਕਣਕ ਨਾਲ ਭਰੇ ਟਰੱਕਾਂ ਵਿਚ ਜਾ ਵੱਜੀ। ਭਿਆਨਕ ਟੱਕਰ ਕਾਰਨ ਕਾਰ ਦੇ ਪਰਖਚੇ ਉਡ ਗਏ ਅਤੇ ਗੱਡੀ ਵਿਚ ਸਵਾਰ ਲਾੜੇ ਮਨੋਜ ਦੀ ਭੂਆ ਮੀਰਾ ਦੇਵੀ ਪਤਨੀ ਭੂਪ ਚੰਦ ਵਾਸੀ ਹਿਸਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ
ਜਦਕਿ ਕਾਰ ਵਿਚ ਸਵਾਰ ਮ੍ਰਿਤਕ ਦੀ ਭਰਜਾਈ ਰੇਖਾ, ਭਰਾ ਪ੍ਰਦੀਪ ਕੁਮਾਰ, ਭਤੀਜੀ ਤਨਵੀ, ਭਤੀਜਾ ਦਿਸ਼ੂ ਸਾਰੇ ਵਾਸੀ ਦੁਤਾਂਰਾਵਾਲੀ, ਰਿਸ਼ਤੇਦਾਰ ਪਾਇਲ ਪੁੱਤਰੀ ਭੂਪ ਚੰਦ ਅਤੇ ਆਕਾਸ਼ ਪੁੱਤਰ ਪੁਸ਼ਕਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਲੋਕਾਂ ਨੇ ਟਰੱਕ ਚਾਲਕਾਂ ਦੀ ਮਦਦ ਨਾਲ ਕਾਰ ਨੂੰ ਤੋੜ ਕੇ ਜ਼ਖ਼ਮੀਆਂ ਨੂੰ ਬਾਹਰ ਕਢਿਆ ਅਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਹਸਪਤਾਲ ਲਿਜਾਂਦੇ ਸਮੇਂ ਮਨੋਜ ਦੀ ਭਾਬੀ ਰੇਖਾ ਨੇ ਵੀ ਦਮ ਤੋੜ ਦਿਤਾ। ਜ਼ਖ਼ਮੀਆਂ ਨੂੰ ਮੁਢਲੇ ਇਲਾਜ ਮਗਰੋਂ ਗੰਗਾਨਗਰ ਭੇਜ ਦਿਤਾ ਗਿਆ। ਕਿਹਾ ਜਾ ਰਿਹਾ ਹੈ ਕਿ ਡਰਾਈਵਰ ਦੇ ਉਨੀਂਦਰਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ।