ਸੁਖਦ ਖ਼ਬਰ : ਬਠਿੰਡਾ ਦੀ ਕੋਰੋਨਾ ਮਹਾਂਮਾਰੀ ’ਚ ‘ਜ਼ੀਰੋ’ ਬਰਕਰਾਰ
ਪੂਰੀ ਦੁਨੀਆਂ ’ਚ ਕੋਰੋਨਾ ਮਹਾਂਮਾਰੀ ਦੇ ਕਹਿਰ ਦੌਰਾਨ ਬਠਿੰਡਾ ਵਾਸੀਆਂ ਲਈ ਹਾਲੇ ਤਕ ਰਾਹਤ ਭਰੀਆਂ ਖ਼ਬਰਾਂ ਹਨ। ਜ਼ਿਲ੍ਹੇ ’ਚ ਹੁਣ ਤਕ ਲਏ ਕੋਰੋਨਾ ਸੈਂਪਲਾਂ ਦੀ
ਬਠਿੰਡਾ, 20 ਅਪ੍ਰੈਲ (ਸੁਖਜਿੰਦਰ ਮਾਨ) : ਪੂਰੀ ਦੁਨੀਆਂ ’ਚ ਕੋਰੋਨਾ ਮਹਾਂਮਾਰੀ ਦੇ ਕਹਿਰ ਦੌਰਾਨ ਬਠਿੰਡਾ ਵਾਸੀਆਂ ਲਈ ਹਾਲੇ ਤਕ ਰਾਹਤ ਭਰੀਆਂ ਖ਼ਬਰਾਂ ਹਨ। ਜ਼ਿਲ੍ਹੇ ’ਚ ਹੁਣ ਤਕ ਲਏ ਕੋਰੋਨਾ ਸੈਂਪਲਾਂ ਦੀ ਨੈਗੇਟਿਵ ਰੀਪੋਰਟਾਂ ਦੀ ਲੜੀ ਜਾਰੀ ਹੈ। ਦੋ ਦਿਨ ਪਹਿਲਾਂ ਲਏ ਗਏ 14 ਟੈਸਟਾਂ ਦੀ ਰੀਪੋਰਟ ਨੈਗੇਟਿਵ ਆਈ ਹੈ। ਉਂਜ ਹੁਣ ਤਕ ਜ਼ਿਲ੍ਹੇ ਵਿਚ 130 ਟੈਸਟਾਂ ਦੀ ਰੀਪੋਰਟ ਨੈਗੇਟਿਵ ਆ ਚੁੱਕੀ ਹੈ ਤੇ ਕੁਲ 3 ਟੈਸਟਾਂ ਦੀ ਰੀਪੋਰਟ ਬਕਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਨੈਗੇਟਿਵ ਰੀਪੋਰਟਾਂ ਦੀ ‘ਜ਼ੀਰੋ’ ਬਰਕਰਾਰ ਰੱਖਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੇ ਜ਼ਿਲ੍ਹਾ ਵਾਸੀ ਵੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰ ਰਹੇ ਹਨ।
ਦੂਜੇ ਪਾਸੇ ਸਰਕਾਰ ਦੀਆਂ ਹਦਾਇਤਾਂ ਬਾਅਦ ਬਠਿੰਡਾ ’ਚ ਵੀ ਰੈਪਿਡ ਕਿੱਟਾਂ ਨਾਲ ਟੈਸਟਿੰਗ ਸ਼ੁਰੂ ਕਰ ਦਿਤੀ ਗਈ ਹੈ। ਅੱਜ ਪਹਿਲੇ ਦਿਨ ਇਨ੍ਹਾਂ ਕਿੱਟਾਂ ਨਾਲ ਦੋ ਸੈਂਪਲ ਲਏ ਗਏ, ਜਿਨ੍ਹਾਂ ਦੀ ਅੱਧੇ ਘੰਟੇ ’ਚ ਰੀਪੋਰਟ ਆ ਗਈ ਤੇ ਦੋਨੇ ਸੈਂਪਲਾਂ ਦੀ ਰੀਪੋਰਟ ਨੈਗੇਟਿਵ ਪਾਈ ਗਈ। ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਮੁਤਾਬਕ ਹੁਣ ਆਉਣ ਵਾਲੇ ਦਿਨਾਂ ’ਚ ਸੈਂਪਲਾਂ ਦੀ ਗਿਣਤੀ ਵਧਾਈ ਜਾਵੇਗੀ ਤੇ ਜ਼ਰੂਰਤ ਮੁਤਾਬਕ ਰੈਪਿਡ ਕਿੱਟਾਂ ਨਾਲ ਵੀ ਟੈਸਟ ਲਏ ਜਾਣਗੇ।
ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕੋਵਿਡ-19 ਬੀਮਾਰੀ ਆਪਸੀ ਮੇਲਜੋਲ ਨਾਲ ਫੈਲਦੀ ਹੈ ਇਸ ਲਈ ਸਮਾਜਕ ਦੂਰੀ ਬਣਾਈ ਰਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪਣੇ ਹੱਥ ਵਾਰ-ਵਾਰ ਸਾਬਣ ਨਾਲ ਧੋਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਵਧਾਨੀਆਂ ਰੱਖ ਕੇ ਅਸੀਂ ਆਸਾਨੀ ਨਾਲ ਇਸ ਬੀਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਡਿਪਟੀ ਕਮਿਸ਼ਨਰ ਸ੍ਰੀ ਨਿਵਾਸਨ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ
ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਕਰਫ਼ਿਊ ਦਾ ਪਾਲਣ ਕਰਨ। ਉਨ੍ਹਾਂ ਮੁੜ ਦੁਹਰਾਇਆ ਕਿ ਬਠਿੰਡਾ ਜ਼ਿਲ੍ਹੇ ਵਿਚ ਕਰਫ਼ਿਊ ਵਿਚ ਫਿਲਹਾਲ ਕੋਈ ਨਵੀਂ ਢਿੱਲ ਨਹੀਂ ਦਿਤੀ ਗਈ ਹੈ।