ਚੰਡੀਗੜ੍ਹ, 20 ਅਪ੍ਰੈਲ (ਸ.ਸ.ਸ) : ਜ਼ਿਲ੍ਹ•ਾ ਪਠਾਨਕੋਟ ਵਿੱਚ ਆਨਲਾਈਨ ਆਡਰ ਦੀ ਸੁਵਿਧਾ ਨੂੰ ਹੋਰ ਆਸਾਨ ਕਰਨ ਲਈ ਇਕ ਵਟਸਐਪ ਪ੍ਰਣਾਲੀ ਦਾ ਆਰੰਭ ਕੀਤਾ ਗਿਆ ਹੈ। ਜ਼ਿਲ੍ਹਾ ਵਾਸੀ ਇਸ ਸਹੂਲਤ ਦਾ ਲਾਭ 70091 83954 ਨੰਬਰ 'ਤੇ ਵਟਸਐਪ ਪਲੇਟਫ਼ਾਰਮ ਦੀ ਵਰਤੋਂ ਕਰ ਕੇ ਲੈ ਸਕਦੇ ਹਨ। ਇਸ ਪ੍ਰਣਾਲੀ ਜ਼ਰੀਏ ਜ਼ਿਲ੍ਹੇ ਦੇ ਨਾਗਰਿਕ ਜ਼ਰੂਰੀ ਵਸਤਾਂ ਦੀਆਂ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਲਈ ਆਰਡਰ ਦੇ ਸਕਦੇ ਹਨ।
ਜ਼ਰੂਰੀ ਵਸਤਾਂ ਸਬੰਧੀ ਨੋਡਲ ਅਧਿਕਾਰੀ ਡਾ. ਸੰਜੀਵ ਤਿਵਾੜੀ, ਜੋ ਕਿ ਵਣ ਮੰਡਲ ਅਧਿਕਾਰੀ ਪਠਾਨਕੋਟ ਹਨ, ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਪ੍ਰਣਾਲ ਲੋਕਾਂ ਲਈ ਡੋਰ ਟੂ ਡੋਰ ਸ਼ੁਰੂ ਕੀਤੀ ਸੁਵਿਧਾ ਨੂੰ ਹੋਰ ਆਸਾਨ ਬਣਾਏਗੀ। ਇਹ ਸਵੈਚਾਲਿਤ ਵਟਸਐਪ ਪਲੇਟਫ਼ਾਰਮ ਜਿਥੇ ਸਮਾਜਕ ਵਿੱਥ ਦੀ ਜ਼ਰੂਰਤ ਨੂੰ ਕਾਇਮ ਰੱਖ ਰਿਹਾ ਹੈ, ਉੱਥੇ ਹੀ ਨਾਗਰਿਕਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੋਵਾਂ ਲਈ ਬਹੁਤ ਹੀ ਆਸਾਨ ਢੰਗ ਨਾਲ ਕੰਮ ਕਰਦਾ ਹੈ। ਲੋਕ ਪ੍ਰਵਾਨਗੀ ਪ੍ਰਾਪਤ ਪ੍ਰਚੂਨ ਵਿਕਰੇਤਾਵਾਂ ਨੂੰ ਸੇਵਾਵਾਂ ਲਈ ਸਾਂਝੇ ਵਟਸਐਪ ਨੰਬਰ 'ਤੇ ਹੋਮ ਡਲਿਵਰੀ ਜਾਂ ਵਸਤਾਂ ਖੁਦ ਲਿਜਾਣ ਲਈ ਬੇਨਤੀ ਕਰ ਸਕਦੇ ਹਨ।
ਇਸ ਪ੍ਰਣਾਲੀ ਰਾਹੀਂ ਆਰਡਰ ਦੇਣ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਲੋਕ ਆਪਣੇ ਸਿਰਨਾਵੇਂ ਸਮੇਤ ਲੋੜੀਂਦੀਆਂ ਵਸਤਾਂ ਬਾਰੇ ਕਾਗ਼ਜ਼ 'ਤੇ ਲਿਖ ਕੇ ਫ਼ੋਟੋ ਖਿੱਚ ਕੇ ਜਾਂ ਟਾਈਪ ਕਰ ਕੇ ਵਟਸਐਪ 'ਤੇ ਭੇਜ ਸਕਦੇ ਹਨ। ਨਾਗਰਿਕ ਇਨ੍ਹਾਂ ਵਸਤਾਂ ਦੀ ਪ੍ਰਾਪਤੀ ਲਈ ਯੂ.ਪੀ.ਆਈ. ਜ਼ਰੀਏ ਜਾਂ ਕੈਸ਼ ਆਨ ਡਿਲਿਵਰੀ ਜਾਂ ਦੁਕਾਨ 'ਤੇ ਜਾ ਕੇ ਭੁਗਤਾਨ ਕਰ ਸਕਦੇ ਹਨ। ਇਹ ਸੁਵਿਧਾ ਪ੍ਰਚੂਨ ਵਿਕਰੇਤਾ ਵਲੋਂ ਸਿਰਫ ਨਾਗਰਿਕਾਂ ਨੂੰ ਦਿਤੀ ਜਾਣੀ ਹੈ ਅਤੇ ਪ੍ਰਚੂਨ ਵਪਾਰੀ ਇਸ ਪਲੇਟਫ਼ਾਰਮ ਦੀ ਵਰਤੋਂ ਥੋਕ ਵਿਕਰੇਤਾਵਾਂ ਨੂੰ ਕੋਈ ਆਰਡਰ ਦੇਣ ਲਈ ਨਹੀਂ ਕਰ ਸਕਣਗੇ।