ਮੋਹਾਲੀ ਸ਼ਹਿਰ ਵਿਚ ਬਿਨਾਂ ਕਰਫ਼ਿਊ ਪਾਸ ਤੋਂ ਘੁਮ ਰਹੇ ਹਨ ਸਬਜ਼ੀ ਵੇਚਣ ਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਸ਼ਹਿਰ ਵਿਚ ਬਿਨਾਂ ਕਰਫ਼ਿਊ ਪਾਸ ਤੋਂ ਘੁਮ ਰਹੇ ਹਨ ਸਬਜ਼ੀ ਵੇਚਣ ਵਾਲੇ

ਸੈਕਟਰ 57 ਦੇ ਵਸਨੀਕਾਂ ਵਲੋਂ ਬੰਦ ਕੀਤਾ ਗਿਆ ਗੇਟ ਅਤੇ (ਹੇਠਾਂ) ਅਪਣੇ ਪਿਤਾ ਦੇ ਨਾਮ ਦਾ ਆਟੋ ਰਿਕਸ਼ਾ ਦਾ ਪਾਸ ਲੈ ਕੇ ਘੁਮ ਰਿਹਾ ਰੇਹੜੀ ਵਾਲਾ ਸਬਜ਼ੀ ਵਿਕਰੇਤਾ।

ਐਸ.ਏ.ਐਸ. ਨਗਰ, 20 ਅਪ੍ਰੈਲ (ਸੁਖਦੀਪ ਸਿੰਘ ਸੋਈ): ਦੇਸ਼-ਵਿਦੇਸ਼ ਵਿਚ ਫੈਲੀ ਕੋਰੋਨਾ ਮਹਾਮਾਰੀ ਕਾਰਨ ਕਈ ਦੇਸ਼ਾਂ ਵਿਚ ਲਾਕਡਾਊਨ ਕੀਤਾ ਗਿਆ ਹੈ। ਪੂਰੇ ਭਾਰਤ ਵੀ ਇਸ ਮਹਾਮਾਰੀ ਦੀ ਲਪੇਟ ਵਿਚ ਆਇਆ ਹੋਇਆ ਹੈ। ਇਸ ਮਹਾਮਾਰੀ ਤੋਂ ਬਚਾਅ ਲਈ ਅਹਿਤਿਆਤ ਵਜੋਂ ਕਈ ਰਾਜਾਂ ਵਿਚ ਕਰਫ਼ਿਊ ਵੀ ਲਗਾਇਆ ਗਿਆ ਹੈ।


ਕਰਫ਼ਿਊ ਦੌਰਾਨ ਜ਼ਰੂਰੀ ਸਮਾਨ ਜਿਵੇਂ ਦੁੱਧ ਅਤੇ ਸਬਜ਼ੀ ਆਦਿ ਵੇਚਣ ਲਈ ਪ੍ਰਸ਼ਾਸਨ ਵਲੋਂ ਰੇਹੜੀਆਂ ਵਾਲਿਆਂ ਨੂੰ ਕਰਫ਼ਿਊ ਪਾਸ ਜਾਰੀ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵਲੋਂ ਜਾਰੀ ਕੀਤੇ ਇਨ੍ਹਾਂ ਕਰਫ਼ਿਊ ਪਾਸਾਂ ਦੀ ਕਈ ਵਿਅਕਤੀਆਂ ਵਲੋਂ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਕਰਫ਼ਿਊ ਪਾਸ ਪਿਤਾ ਦੇ ਨਾਮ 'ਤੇ ਜਾਰੀ ਹੁੰਦਾ ਹੈ ਪਰ ਸਬਜ਼ੀ ਦੀ ਰੇਹੜੀ ਲੈ ਕੇ ਬੇਟਾ ਘੁਮ ਰਿਹਾ ਹੈ ਅਤੇ ਕਈਆਂ ਕੋਲ ਪਾਸ ਹੀ ਨਹੀਂ। ਅਜਿਹਾ ਦੋ ਮਾਮਲੇ ਮੋਹਾਲੀ ਦੇ ਸੈਕਟਰ-57 ਵਿਚ ਸਾਹਮਣੇ ਆਏ, ਜਿਥੇ ਇਕ ਸਬਜ਼ੀ ਵੇਚਣ ਵਾਲਾ ਅਪਣੇ ਪਿਤਾ ਦੇ ਨਾਮ ਦਾ ਆਟੋ ਰਿਕਸ਼ਾ ਦਾ ਕਰਫ਼ਿਊ ਪਾਸ ਲੈ ਕੇ ਰੇਹੜੀ 'ਤੇ ਸਬਜ਼ੀ ਵੇਚ ਰਿਹਾ ਸੀ ਅਤੇ ਪਾਸ ਦੀ ਮਿਆਦ ਵੀ ਖ਼ਤਮ ਸੀ। ਇਕ ਰੇਹੜੀ ਵਾਲੇ ਕੋਲ ਜਿਹੜਾ ਕਰਫ਼ਿਊ ਪਾਸ ਸੀ ਉਹ ਕਿਸੇ ਔਰਤ ਦੇ ਨਾਮ 'ਤੇ ਜਾਰੀ ਹੋਇਆ ਸੀ। ਅਜਿਹੀ ਹੀ ਅਣਗਹਿਲੀ ਫੇਜ਼-3ਏ ਵਿਚ ਵੀ ਵੇਖਣ ਨੂੰ ਮਿਲੀ ਜਿਥੇ ਇੱਕਾ-ਦੁੱਕਾ ਰੇਹੜੀਆਂ ਵਾਲੇ ਬਿਨਾਂ ਪਾਸ ਤੋਂ ਸਬਜ਼ੀਆਂ ਅਤੇ ਫਰੂਟ ਵੇਚ ਰਹੇ ਹਨ ਅਤੇ ਉਨ੍ਹਾਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ। ਜਿਸ ਕਾਰਨ ਸਥਾਨਕ ਵਸਨੀਕਾਂ 'ਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ।


ਸ਼ਹਿਰ ਵਾਸੀਆਂ ਵਲੋਂ ਮੰਗ ਹੈ ਕਿ ਪ੍ਰਸ਼ਾਸਨ ਨੂੰ ਇਨ੍ਹਾਂ ਸਬ²ਜ਼ੀ ਅਤੇ ਫਰੂਟ ਵੇਚਣ ਵਾਲਿਆਂ ਦੀ ਮੈਡੀਕਲ ਜਾਂਚ ਕਰਨੀ ਚਾਹੀਦੀ ਹੈ। ਜੇਕਰ ਇਨ੍ਹਾਂ ਰੇਹੜੀਆਂ ਵਾਲਿਆਂ ਵਿਚੋਂ ਕੋਈ ਵੀ ਪਾਜ਼ੇਟਿਵ ਕੇਸ ਮਿਲਦਾ ਹੈ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਮੋਹਾਲੀ ਦੇ ਸੈਕਟਰ-57 ਦੇ ਵਸਨੀਕਾਂ ਵਲੋਂ ਬਹੁਤ ਹੀ ਸ਼ਲਾਘਾਯੋਗ ਕਦਮ ਚੁਕਿਆ ਗਿਆ ਹੈ ਜੋ ਉਨ੍ਹਾਂ ਅਹਿਤਿਆਤ ਵਜੋਂ ਖ਼ੁਦ ਅਪਣੇ ਕੁੱਝ ਮੋਹਤਬਰ ਵਿਅਕਤੀਆਂ ਦੀ ਡਿਊਟੀ ਲਗਾ ਕੇ ਸੈਕਟਰ ਦਾ ਗੇਟ ਬੰਦ ਕੀਤਾ ਹੋਇਆ ਹੈ। ਸੈਕਟਰ ਵਿਚ ਕਿਸੇ ਵੀ ਬਾਹਰੀ ਵਿਅਕਤੀ ਦੇ ਆਉਣ ਅਤੇ ਸੈਕਟਰ ਤੋਂ ਬਾਹਰ ਜਾਣ-ਵਾਲਿਆਂ ਤੋਂ ਚੰਗੀ ਤਰ੍ਹਾਂ ਪੁੱਛ-ਪੜਤਾਲ ਕੀਤੀ ਜਾਂਦੀ ਹੈ। ਬਿਨਾਂ ਪਾਸ ਵਾਲੇ ਸਬ²ਜ਼ੀ, ਫਰੂਟ ਅਤੇ ਦੁੱਧ ਵੇਚਣ ਵਾਲਿਆਂ ਨੂੰ ਅੰਦਰ ਨਹੀਂ ਜਾਣ ਦਿਤਾ ਜਾਂਦਾ। ਮੋਹਾਲੀ ਦੇ ਬਾਕੀ ਸੈਕਟਰਾਂ ਵਿਚ ਅਜਿਹੀ ਅਹਿਤਿਆਤ ਵਰਤੀ ਵਰਤਣ ਦੀ ਜ਼ਰੂਰਤ ਹੈ।