ਵਿਗੜੇ ਮੌਸਮ ਨੇ ਵਧਾਈ ਕਿਸਾਨਾਂ ਦੀ ਚਿੰਤਾ, ਮੀਂਹ ’ਚ ਭਿੱਜੀ ਫ਼ਸਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਫਰੀਦਕੋਟ ਦੀਆਂ ਅਨਾਜ ਮੰਡੀਆਂ ਵਿਚ ਕੀਤੇ ਗਏ ਖਰੀਦ ਪ੍ਰਬੰਧਾਂ ਦੀ ਵੀ ਹਲਕੀ ਬਾਰਸ਼ ਨੇ ਖੋਲ੍ਹੀ ਪੋਲ

Wheat crop soaked in rain

ਚੰਡੀਗੜ੍ਹ: ਕਈ ਦਿਨਾਂ ਦੀ ਖੁਸ਼ਕੀ ਤੋਂ ਬਾਅਦ ਮੌਸਮ ਵਿਚ ਅਚਾਨਕ ਆਏ ਬਦਲਾਅ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਪਏ ਮੀਂਹ ਕਾਰਨ ਵਾਢੀ ਤੇ ਮੰਡੀਆਂ ਵਿੱਚ ਫਸਲ ਦੀ ਵਿਕਰੀ ਦਾ ਕੰਮ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਬੁੱਧਵਾਰ  ਨੂੰ ਵੀ ਉੱਤਰੀ ਭਾਰਤ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਜਿਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਇਸ ਵਿਚਕਾਰ ਪਏ ਮੀਂਹ ਨੇ ਬਰਨਾਲਾ ਅਤੇ ਫਰੀਦਕੋਟ ਦੀਆਂ ਅਨਾਜ ਮੰਡੀਆਂ ਵਿਚ ਕੀਤੇ ਗਏ ਖਰੀਦ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। 

ਬਰਨਾਲਾ ਦੀ ਦਾਣਾ ਮੰਡੀ ਵਿੱਚ ਮੀਂਹ ਤੋਂ ਕਣਕ ਦੀ ਫ਼ਸਲ ਬਚਾਉਣ ਲਈ ਸਰਕਾਰ ਜਾਂ ਪ੍ਰਸ਼ਾਸ਼ਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਅਸਮਾਨ ਥੱਲੇ ਪਈਆਂ ਜਿੱਥੇ ਕਣਕ ਦੀਆਂ ਬੋਰੀਆਂ ਮੀਂਹ ਵਿੱਚ ਭਿੱਜ ਗਈਆਂ, ਉਥੇ ਕਿਸਾਨਾਂ ਦੀ ਫ਼ਸਲ ਵੀ ਮੀਂਹ ਵਿੱਚ ਭਿੱਜ ਗਈ। ਕਿਸਾਨਾਂ ਵੱਲੋਂ ਆੜਤੀਆਂ ਦੀ ਮਦਦ ਨਾਲ ਆਪਣੇ ਪੱਧਰ ’ਤੇ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦੇ ਪ੍ਰਬੰਧ ਕੀਤੇ ਗਏ। ਮੰਡੀ ਵਿੱਚ ਪਈਆਂ ਕਣਕ ਦੀਆਂ ਢੇਰੀਆਂ ਹੇਠਾਂ ਮੀਂਹ ਦਾ ਪਾਣੀ ਵੜ ਗਿਆ। ਜਿਸ ਕਰਕੇ ਕਿਸਾਨਾਂ ਨੂੰ ਹੁਣ ਕਈ ਦਿਨ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਪਵੇਗਾ।

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ 10 ਦਿਨਾਂ ਤੋਂ ਬਰਨਾਲਾ ਦੀ ਦਾਣਾ ਮੰਡੀ ਵਿੱਚ ਫ਼ਸਲ ਲੈ ਕੇ ਬੈਠੇ ਹਨ। ਪਰ ਬਾਰਦਾਨੇ ਦੀ ਘਾਟ ਕਾਰਨ ਉਹਨਾਂ ਦੀ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਕਿਸਾਨਾਂ ਨੇ ਕਿਹਾ ਕਿ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਸਾਰ ਤੱਕ ਲੈਣ ਨਹੀਂ ਪੁੱਜਿਆ। ਉਹਨਾਂ ਵਲੋਂ ਆਪਣੇ ਪੱਧਰ ’ਤੇ ਆੜਤੀਆ ਦੀ ਮਦਦ ਨਾਲ ਤਰਪਾਲਾਂ ਦੇ ਪ੍ਰਬੰਧ ਕਰਕੇ ਫ਼ਸਲ ਨੂੰ ਮੀਂਹ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪਰ ਫ਼ਿਰ ਵੀ ਮੀਂਹ ਦਾ ਪਾਣੀ ਕਣਕ ਦੀਆਂ ਢੇਰੀਆਂ ਦੇ ਹੇਠਾਂ ਵੜ ਗਿਆ ਹੈ। ਜਿਸ ਕਰਕੇ ਉਹਨਾਂ ਨੂੰ ਫ਼ਸਲ ਵੇਚਣ ਵਿੱਚ ਮੁੜ ਕਈ ਕਈ ਦਿਨਾਂ ਤੱਕ ਮੰਡੀਆਂ ਵਿੱਚ ਬੈਠਣਾ ਪਵੇਗਾ। ਕਿਸਾਨਾਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਇਸ ਖੱਜਲ ਖੁਆਰੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜੋ ਉਹਨਾਂ ਦੀ ਫ਼ਸਲ ਖ਼ਰੀਦਣ ਵਿੱਚ ਦੇਰੀ ਕਰ ਰਹੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਫ਼ਸਲ ਨਾ ਖ਼ਰੀਦੀ ਗਈ ਤਾਂ ਉਹ ਸੰਘਰਸ਼ ਸ਼ੁਰੂ ਕਰਨਗੇ।

 ਫਰੀਦਕੋਟ ਦੀਆਂ ਅਨਾਜ ਮੰਡੀਆਂ ਵਿਚ ਕੀਤੇ ਗਏ ਖਰੀਦ ਪ੍ਰਬੰਧਾਂ ਦੀ ਵੀ ਹਲਕੀ ਬਾਰਸ਼ ਨੇ ਖੋਲ੍ਹੀ ਪੋਲ
ਫਰੀਦਕੋਟ ਜਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਦੀ ਪੋਲ ਉਸ ਵਕਤ ਖੁੱਲ੍ਹੀ ਜਦ ਜਿਲ੍ਹੇ ਅੰਦਰ ਪਏ ਮੀਂਹ ਕਾਰਨ ਕਿਸਾਨਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਖੁੱਲ੍ਹੇ ਅਸਮਾਨ ਹੇਠਾਂ ਪਈ ਕਿਸਾਨਾਂ ਦੀ ਕਣਕ ਭਿੱਜ ਗਈ। ਵਿਭਾਗ ਜਾਂ ਆੜਤੀਆਂ ਵੱਲੋਂ ਦਿਤੀਆਂ ਗਈਆਂ ਤਰਪਾਲਾਂ ਵੀ ਕਣਕ ਨੂੰ ਭਿੱਜਣ ਤੋਂ ਨਾ ਬਚਾ ਸਕੀਆਂ।

ਥਾਂ-ਥਾਂ ਤੋਂ ਪਾਟੀਆਂ ਤਰਪਾਲਾਂ ਦੇ ਕੇ ਵਿਭਾਗ ਵੱਲੋਂ ਸਿਰਫ ਖ਼ਾਨਾ ਪੂਰਤੀ ਕੀਤੀ ਗਈ। ਕਿਸਾਨਾਂ ਨੇ ਪ੍ਰਸ਼ਾਸਾਨਿਕ ਅਧਿਕਾਰੀਆਂ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੰਡੀਆਂ ਵਿਚ ਨਾ ਤਾਂ ਬੋਲੀ ਲੱਗ ਰਹੀ ਹੈ ਨਾ ਹੀ ਬਰਦਾਨਾਂ ਆ ਰਿਹਾ, ਨਾ ਹੀ ਕੋਈ ਛਾਂ ਦਾ ਪ੍ਰਬੰਧ ਹੈ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਪ੍ਰਬੰਧ ਹੈ। ਇਸ ਸਬੰਧੀ ਜਦ ਮਾਰਕੀਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਗਿੰਦਰਜੀਤ ਸਿੰਘ ਸੇਖੋਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਣਕ ਦੀ ਖਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਦਰੁਸਤ ਹਨ। ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਮੰਡੀਆਂ ਵਿਚ ਸੈਨੀਟਾਈਜ਼ਰ ਅਤੇ ਮਾਸਕ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਉਹਨਾਂ ਕਿਹਾ ਕਿ ਨਿਰਵਿਘਨ ਖਰੀਦ ਚੱਲ ਰਹੀ ਹੈ ਥੋੜੀ ਬਾਰਸ਼ ਕਾਰਨ ਅਤੇ ਥੋੜੀ ਬਾਰਦਾਨੇ  ਦਾ ਘਾਟ ਕਰਕੇ ਸਮੱਸਿਆ ਆਈ ਹੈ। ਬਾਰਸ਼ ਵਿਚ ਕਣਕ ਨੂੰ ਢੱਕਣ ਆਦਿ ਬਾਰੇ ਜਦ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸਾਰੇ ਪ੍ਰਬੰਧ ਠੀਕ ਹਨ। ਕਣਕ ਢੱਕਣ ਲਈ ਕਿਸਾਨਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ ਹਨ। ਜਦ ਉਹਨਾਂ ਨੂੰ ਮੰਡੀਆਂ ਵਿਚ ਕੋਵਿਡ 19 ਦੀਆਂ ਹਦਾਇਤਾਂ ਸਬੰਧੀ ਇੰਤਜਾਮਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਮੰਡੀਆਂ ਵਿਚ ਸੈਨੀਟਾਈਜ਼ਰ ਅਤੇ ਮਾਸਕ ਵੰਡੇ ਜਾ ਰਹੇ ਹਨ।  

ਭਾਵੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਖਰੀਦ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਸਚਾਈ ਕਿਸਾਨਾਂ ਨੇ ਬਿਆਨ ਕੀਤੀ ਹੈ ਕਿ ਉਹ ਚਾਰ ਚਾਰ ਦਿਨਾਂ ਤੋਂ ਮੰਡੀਆਂ ਵਿਚ ਰੁਲ ਰਹੇ ਹਨ। ਨਾ ਤਾਂ ਬਰਦਾਨਾਂ ਆ ਰਿਹਾ ਨਾ ਖਰੀਦ ਹੋ ਰਹੀ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਜੋ ਤਰਪਾਲਾਂ ਕਣਕ ਢੱਕਣ ਲਈ ਦਿੱਤੀਆਂ ਗਈਆਂ ਉਹ ਵੀ ਥਾਂ ਥਾਂ ਤੋਂ ਪਾਟੀਆਂ ਹੋਈਆਂ ਹਨ ਜਿਸ ਨਾਲ ਕਣਕ  ਮੀਂਹ ਵਿਚ ਭਿਜ ਗਈ ।