ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਹਾਈ ਕੋਰਟ ਕਰੇਗਾ ਕੋਟਕਪੂਰਾ ਗੋਲੀਕਾਂਡ ਸਬੰਧੀ ਫ਼ੈਸਲੇ ਦਾ ਇੰਤਜ਼ਾਰ

ਏਜੰਸੀ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਹਾਈ ਕੋਰਟ ਕਰੇਗਾ ਕੋਟਕਪੂਰਾ ਗੋਲੀਕਾਂਡ ਸਬੰਧੀ ਫ਼ੈਸਲੇ ਦਾ ਇੰਤਜ਼ਾਰ

image

ਐਸਐਚਓ ਗੁਰਦੀਪ ਸਿੰਘ ਨੇ ਇਸ ਮਾਮਲੇ 'ਚ ਵੀ ਲਗਾਏ ਹਨ, ਕੁੰਵਰ ਵਿਜੈ ਪ੍ਰਤਾਪ 'ਤੇ ਦੋਸ਼

ਚੰਡੀਗੜ੍ਹ, 20 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਬਹਿਬਲ ਕਲਾਂ ਗੋਲੀ ਕਾਂਡ ਵੇਲੇ ਕੋਟਕਪੂਰਾ ਦੇ ਐਸਐਚਓ ਰਹੇ ਗੁਰਦੀਪ ਸਿੰਘ ਵਲੋਂ ਬਹਿਬਲਕਲਾਂ ਗੋਲੀਕਾਂਡ ਵਿਚ ਉਸ ਵਿਰੁਧ ਦਰਜ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਅਤੇ ਐਸਆਈਟੀ 'ਚੋਂ ਕੁੰਵਰ ਵਿਜੈ ਪ੍ਰਤਾਪ ਨੂੰ  ਬਾਹਰ ਕੱਢਣ ਦੀ ਮੰਗ ਨੂੰ  ਲੈ ਕੇ ਦਾਖ਼ਲ ਪਟੀਸ਼ਨ 'ਤੇ ਹੁਣ ਅੰਤਮ ਬਹਿਸ ਕੋਟਕਪੂਰਾ ਗੋਲੀਕਾਂਡ ਦਾ ਫ਼ੈਸਲਾ ਆਉਣ 'ਤੇ ਹੀ ਹੋਵੇਗੀ | ਇਸ ਮਾਮਲੇ ਵਿਚ ਹਾਲਾਂਕਿ ਪੰਜਾਬ ਸਰਕਾਰ ਦੇ ਵਕੀਲ ਨੇ ਅੱਜ ਬੈਂਚ ਮੁਹਰੇ ਪੇਸ਼ ਹੋ ਕੇ ਬੇਨਤੀ ਕੀਤੀ ਕਿ ਕੋਟਕਪੂਰਾ ਗੋਲੀਕਾਂਡ ਸਬੰਧੀ ਫ਼ੈਸਲਾ ਆਉਣ 'ਤੇ ਹੀ ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਬਹਿਸ ਸ਼ੁਰੂ ਕੀਤੀ ਜਾਵੇ ਤੇ ਇਸ ਲਈ ਕੋਈ ਢੁੱਕਵੀਂ ਤਰੀਕ ਮੁਕੱਰਰ ਕਰ ਦਿਤੀ ਜਾਵੇ ਪਰ ਬੈਂਚ ਨੇ ਅਪਣੇ ਪੱਧਰ 'ਤੇ ਵੀ ਇਹੋ ਕਿਹਾ ਕਿ ਕੋਟਕਪੂਰਾ ਗੋਲੀਕਾਂਡ ਦੇ ਫ਼ੈਸਲੇ ਦਾ ਇੰਤਜ਼ਾਰ ਕਰਨਾ ਸਹੀ ਹੋਵੇਗਾ | 
ਜ਼ਿਕਰਯੋਗ ਹੈ ਕਿ ਗੁਰਦੀਪ ਸਿੰਘ ਨੇ ਕੋਟਕਪੂਰਾ ਮਾਮਲੇ ਵਿਚ ਵੀ ਸਿੱਟ ਦੇ ਮੈਂਬਰ ਆਈ.ਜੀ. ਕੁੰਵਰ ਵਿਜੈ 'ਤੇ ਉਸ ਨੂੰ  ਝੂਠਾ ਫਸਾਉਣ ਦਾ ਦੋਸ਼ ਲਗਾਏ ਸੀ ਅਤੇ ਇਹੋ ਦੋਸ਼ ਬਹਿਬਲਕਲਾਂ ਗੋਲੀਕਾਂਡ ਵਿਚ ਵੀ ਲਗਾਉਂਦਿਆਂ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਕੋਲੋਂ ਕਰਵਾਏ ਜਾਣ ਦੀ ਮੰਗ ਕੀਤੀ ਸੀ | ਕੋਟਕਪੂਰਾ ਗੋਲੀਕਾਂਡ ਵਿਚ ਪਿਛਲੇ ਦਿਨੀਂ ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਹੋਰ ਅਫ਼ਸਰਾਂ ਦੀ ਨਵੀਂ ਸਿੱਟ ਬਣਾ ਕੇ ਨਵੇਂ ਸਿਰਿਉਂ ਜਾਂਚ ਕਰਨ ਦਾ ਹੁਕਮ ਦਿਤਾ ਸੀ ਪਰ ਇਸ ਮਾਮਲੇ ਵਿਚ ਵਿਸਥਾਰ ਪੂਰਵਕ ਫ਼ੈਸਲਾ ਆਉਣਾ ਬਾਕੀ ਹੈ ਅਤੇ ਅੱਜ ਇਸੇ ਤੱਥ ਦਾ ਹਵਾਲਾ ਦਿੰਦਿਆਂ ਬਹਿਬਲ ਕਲਾਂ ਗੋਲੀਕਾਂਡ ਕੇਸ ਦੀ ਜਾਂਚ ਸੀਬੀਆਈ ਕੋਲੋਂ ਕਰਵਾਏ ਜਾਣ ਦੀ ਮੰਗ ਦੇ ਮਾਮਲੇ ਵਿਚ ਕੋਟਕਪੂਰਾ ਗੋਲੀਕਾਂਡ ਦੇ ਫ਼ੈਸਲੇ ਦਾ ਇੰਤਜ਼ਾਰ 
ਕਰਨ ਦੀ ਬੇਨਤੀ ਪੰਜਾਬ ਸਰਕਾਰ ਵਲੋਂ ਕੀਤੀ ਗਈ ਹੈ | ਹਾਈਕੋਰਟ ਨੇ ਸੁਣਵਾਈ 13 ਮਈ 'ਤੇ ਪਾ ਦਿਤੀ ਹੈ | ਇਸ ਮਾਮਲੇ ਵਿਚ ਹਾਈ ਕੋਰਟ ਨੇ ਸੀਬੀਆਈ ਨੂੰ  ਕੋਈ ਨੋਟਿਸ ਜਾਰੀ ਨਹੀਂ ਕੀਤਾ ਹੈ | ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਹਾਈ ਕੋਰਟ ਵਲੋਂ ਦੋਸ਼ ਪੱਤਰ ਦਾਖ਼ਲ ਕਰਨ 'ਤੇ ਰੋਕ ਲਗਾਈ ਹੋਈ ਹੈ ਅਤੇ ਇਸ ਮਾਮਲੇ ਵਿਚ ਸਾਰੀਆਂ ਅਰਜ਼ੀਆਂ 'ਤੇ ਇਕੱਠੀ ਬਹਿਸ ਹੋਵੇਗੀ | 
ਗੁਰਦੀਪ ਸਿੰਘ ਨੇ ਪਟੀਸ਼ਨ ਵਿਚ ਦੋਸ਼ ਲਗਾਇਆ ਸੀ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨਾਲ ਉਸ ਦੇ ਸਬੰਧ ਚੰਗੇ ਨਹੀਂ ਸੀ ਤੇ ਇਸੇ ਕਾਰਨ ਉਸ ਨੂੰ  ਬਹਿਬਲਕਲਾਂ ਗੋਲੀਕਾਂਡ ਵਿਚ ਗ਼ਲਤ ਤਰੀਕੇ ਨਾਲ ਫਸਾਇਆ ਗਿਆ, ਜਦੋਂਕਿ ਉਹ ਉਸ ਵੇਲੇ ਉਥੇ ਮੌਜੂਦ ਵੀ ਨਹੀਂ ਸੀ | ਕਿਹਾ ਕਿ ਇਸ ਮਾਮਲੇ ਵਿਚ ਨਾਮਜ਼ਦ ਹੋਣ ਉਪਰੰਤ ਉਸ ਨੇ ਕੁੰਵਰ ਵਿਜੈ ਪ੍ਰਤਾਪ ਵਿਰੁਧ ਸ਼ਿਕਾਇਤ ਦਿਤੀ ਸੀ ਤੇ ਇਸੇ ਸ਼ਿਕਾਇਤ ਨੂੰ  ਵਾਪਸ ਲੈਣ ਲਈ ਦਬਾਅ ਪਾਉਣ ਲਈ ਕੁੰਵਰ ਵਿਜੈ ਪ੍ਰਤਾਪ ਨੇ ਉਸ ਨੂੰ  ਕਿਹਾ ਸੀ ਕਿ ਉਹ ਉਸ ਨੂੰ  (ਗੁਰਦੀਪ ਸਿੰਘ ਨੂੰ ) ਕਿਸੇ ਹੋਰ ਮਾਮਲੇ ਵਿਚ ਫਸਾ ਦੇਵੇਗਾ ਤੇ ਬਾਅਦ ਵਿਚ ਇਕ ਹੋਰ ਮਾਮਲੇ ਵਿਚ ਵੀ ਨਾਮਜ਼ਦ ਕਰ ਲਿਆ ਗਿਆ | ਇਨ੍ਹਾਂ ਦੋਸ਼ਾਂ ਦੇ ਨਾਲ ਮਾਮਲੇ ਦੀ ਜਾਂਚ ਸੀਬੀਆਈ ਕੋਲੋਂ ਕਰਵਾਉਣ ਅਤੇ ਕੁੰਵਰ ਵਿਜੈ ਪ੍ਰਤਾਪ ਨੂੰ  ਐਸਆਈਟੀ ਤੋਂ ਬਾਹਰ ਕੱਢਣ ਦੀ ਮੰਗ ਨੂੰ  ਲੈ ਕੇ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਜਿਸ 'ਤੇ ਹੁਣ ਅੰਤਮ ਬਹਿਸ ਹੋਵੇਗੀ | ਇਸੇ ਮਾਮਲੇ ਵਿਚ ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਨੇ ਵੀ ਉਨ੍ਹਾਂ ਵਿਰੁਧ ਦਾਖ਼ਲ ਦੋਸ਼ ਪੱਤਰ ਨੂੰ  ਚੁਣੌਤੀ ਦਿਤੀ ਹੋਈ ਹੈ |