22 ਅਪ੍ਰੈਲ ਸਵੇਰੇ 5 ਵਜੇ ਤਕ ਮੁਹਾਲੀ ਜ਼ਿਲ੍ਹੇ ’ਚ ਕਰਫ਼ਿਊ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਵੀ ਲਗੇਗਾ ਕਰਫ਼ਿਊ

Curfew in Mohali

ਐਸ.ਏ.ਐਸ. ਨਗਰ (ਸੁਖਦੀਪ ਸਿੰਘ ਸੋਈ): ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ 20 ਅਪ੍ਰੈਲ ਰਾਤ 8 ਵਜੇ ਤੋਂ 22 ਅਪ੍ਰੈਲ ਸਵੇਰੇ 5 ਵਜੇ ਤਕ ਅਤੇ ਹਰ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਕਰਫ਼ਿਊ ਲੱਗੇਗਾ।

ਇਸ ਦੇ ਨਾਲ-ਨਾਲ ਬਾਕੀ ਦਿਨਾਂ ਦੌਰਾਨ ਵੀ ਰਾਤ 8 ਵਜੇ ਤੋਂ ਸਵੇਰੇ 5 ਵਜੇ ਤਕ ਜ਼ਿਲ੍ਹੇ ਵਿਚ ਕਰਫ਼ਿਊ ਲਗੇਗਾ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਟਲਾਂ ਸਮੇਤ ਰੈਸਟੋਰੈਂਟ, ਮਾਲਜ਼, ਬਜ਼ਾਰ ਅਤੇ ਦੁਕਾਨਾਂ ਬੰਦ ਰਹਿਣਗੀਆਂ। ਸਾਰੀਆਂ ਬਾਰਜ਼, ਸਿਨੇਮਾ ਹਾਲ, ਜਿੰਮ, ਸਪਾਅ, ਸਵਿਮਿੰਗ ਪੁਲਜ਼, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਵੀ ਬੰਦ ਰਹਿਣਗੇ। ਸਾਰੇ ਹੋਟਲਾਂ ਸਮੇਤ ਰੈਸਟੋਰੈਂਟ ਬੰਦ ਰਹਿਣਗੇ ਤੇ ਸਿਰਫ਼ ਟੇਕ ਵੇਅ/ ਹੋਮ ਡਿਲਵਰੀ ਦੀ ਆਗਿਆ ਹੋਵੇਗੀ। ਜਾਰੀ ਹੁਕਮਾਂ ਮੁਤਾਬਕ ਸਮਾਜਕ/ ਧਾਰਮਕ/ ਸੱਭਿਆਚਾਰਕ/ ਸਿਆਸੀ/ ਖੇਡਾਂ ਸਬੰਧੀ ਇਕੱਠਾਂ ’ਤੇ ਪੂਰਨ ਪਾਬੰਦੀ ਹੈ। ਵਿਆਹਾਂ/ ਸਸਕਾਰਾਂ ’ਤੇ ਤੈਅ ਗਿਣਤੀ  ਮੁਤਾਬਕ ਹੀ ਵਿਅਕਤੀ ਹਾਜ਼ਰ ਹੋ ਸਕਦੇ ਹਨ। ਵਿਆਹਾਂ ਸਬੰਧੀ ਕਰਫ਼ਿਊ ਦਾ ਸਮਾਂ ਲਾਗੂ ਹੋਵੇਗਾ ਤੇ ਵਿਆਹ ਸਮਾਗਮਾਂ ਵਿਚ ਵੱਧ ਤੋਂ ਵੱਧ 20 ਵਿਅਕਤੀ ਸ਼ਾਮਲ ਹੋ ਸਕਦੇ ਹਨ ਤੇ 10 ਤੋਂ ਵੱਧ ਵਿਅਕਤੀਆਂ ਦੇ ਹਰ ਇਕੱਠ ਲਈ ਸਬੰਧਤ ਐਸ.ਡੀ.ਐਮਜ਼ ਤੋਂ ਆਗਿਆ ਲੈਣੀ ਲਾਜ਼ਮੀ ਹੈ। 

ਸਸਕਾਰ ਸਬੰਧੀ ਕਰਫ਼ਿਊ ਸਮਾਂ ਲਾਗੂ ਨਹੀਂ ਹੋਵੇਗਾ ਅਤੇ ਇਸ ਮੌਕੇ ਜਿਹੜੇ ਵਿਅਕਤੀਆਂ ਨੇ ਵੱਡੇ ਇਕੱਠਾਂ ਵਿਚ ਹਾਜ਼ਰੀ ਲਗਵਾਈ ਹੈ ਉਹ ਅਪਣੇ ਆਪ ਨੂੰ 5 ਦਿਨ ਲਈ ਇਕਾਂਤਵਾਸ ਕਰਨ ਅਤੇ ਉਸ ਤੋਂ ਬਾਅਦ ਆਪਣਾ ਕੋਵਿਡ ਸਬੰਧੀ ਟੈਸਟ ਕਰਵਾਉਣ। ਬਸਾਂ, ਟੈਕਸੀਆ ਅਤੇ ਆਟੋਜ਼ 50 ਫ਼ੀਸਦੀ ਸਵਾਰੀਆਂ ਨਾਲ ਚੱਲਣ ਦੀ ਆਗਿਆ ਹੈ। ਸਾਰੇ ਹਫ਼ਤਾਵਾਰੀ ਬਾਜ਼ਾਰ ਬੰਦ ਰਹਿਣਗੇ।

ਸਾਰੀਆਂ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨੂੰ ਜਾਰੀ ਰੱਖਣ ਦੇ ਮੱਦੇਨਜ਼ਰ ਕਈ ਵਰਗਾਂ ਨੂੰ ਛੋਟ ਦਿੱਤੀ ਗਈ ਹੈ ਜਿਨ੍ਹਾਂ ਵਿਚ ਕਾਨੂੰਨ ਵਿਵਸਥਾ/ਐਮਰਜੰਸੀ ਨਾਲ ਸਬੰਧਤ ਵਿਅਕਤੀਆਂ (ਅਧਿਕਾਰਤ ਆਈ.ਡੀ. ਨਾਲ) ਸਮੇਤ ਕਾਰਜਕਾਰੀ ਮੈਜਿਸਟਰੇਂਟ , ਪੁਲਿਸ ਮੁਲਾਜ਼ਮ , ਫੌਜ/ਅਰਧ ਸੈਨਿਕ (ਵਰਦੀ ਵਿੱਚ ਹੋਣ) , ਸਿਹਤ ਸੇਵਾਵਾਂ ਸਬੰਧੀ , ਬਿਜਲੀ ਸੇਵਾਵਾਂ ਸਬੰਧੀ, ਜਲ ਸਪਲਾਈ, ਸੈਨੀਟੇਸ਼ਨ ਅਤੇ ਹੋਰ ਮਿਊਂਸੀਪਲ ਸੇਵਾਵਾਂ ਸਮੇਤ ਸਾਫ ਸਫਾਈ ਆਦਿ (ਸਮੇਤ ਪ੍ਰਾਈਵੇਟ ਏਜੰਸੀ ਜੋ ਇਸ ਸਬੰਧੀ ਡਿਊਟੀਜ਼ ਕਰ ਰਹੀਆਂ ਹੋਣ ਸਮੇਤ ਵੈਲਿਡ ਡਿਊਟੀ ਆਰਡਰ), ਨੂੰ ਛੋਟ ਦਿੱਤੀ ਗਈ ਹੈ। ਸਰਕਾਰੀ ਮੁਲਾਜ਼ਮ ਜੋ ਕਿ ਜ਼ਰੂਰੀ ਸੇਵਾਵਾਂ /ਕੋਵਿਡ19 ਡਿਊਟੀ ਕਰ ਰਹੇ ਹੋਣ(ਵਿਭਾਗ ਦੇ ਮੁਖੀ ਵਲੋਂ ਜਾਰੀ ਦਫਤਰੀ ਹੁਕਮਾਂ ਨਾਲ) ਇੱਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਇਨ੍ਹਾਂ ਵਿਚ ਪੰਜਾਬ ਸਰਕਾਰ/ਯੂ.ਟੀ. ਚੰਡੀਗੜ੍ਹ/ਹਰਿਆਣਾ ਦੇ ਜ਼ਿਲ੍ਹੇ ਦੇ ਅੰਦਰ ਅਤੇ ਜ਼ਿਲ੍ਹੇ ਤੋਂ ਬਾਹਰ ਦੇ ਡਿਊਟੀ ਕਰ ਰਹੇ ਮੁਲਾਜ਼ਮ ਸ਼ਾਮਿਲ ਹਨ, ਨੂੰ ਛੋਟ ਦਿਤੀ ਗਈ ਹੈ। 

ਕੋਰੋਨਾ ਦੇ ਵੈਕਸੀਨੇਸ਼ਨ ਅਤੇ ਟੈਸਟਿੰਗ ਕੈਪਜ਼ , ਜਿਹੜੇ ਵਿਅਕਤੀਆਂ  ਨੂੰ ਜ਼ਿਲ੍ਹਾ ਮੈਜਿਸਟਰੇਟ, ਵਧੀਕ ਜ਼ਿਲ੍ਹਾ ਮੈਜਿਸਟਰੇਟ ਜਾਂ ਕਿਸੇ ਹੋਰ ਅਧਿਕਾਰਤ ਅਧਿਕਾਰੀ ਵਲੋਂ ਰਿਸਟਰੀਕਟਿਡ ਮੂਵਮੈਂਟ ਕਰਫ਼ਿਊ ਪਾਸ ਜਾਰੀ ਕੀਤਾ ਗਿਆ ਹੋਵੇ। ਸਾਰੇ ਵਾਹਨ/ਵਿਅਕਤੀ ਜੋ ਕਿ ਇੱਕ ਰਾਜ ਤੋਂ ਦੂਜੇ ਰਾਜ/ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਰ ਰਹੇ ਹੋਣ ਉਨ੍ਹਾਂ ਨੂੰ ਜਾਣ ਦੀ ਇਜ਼ਾਜਤ ਹੋਵੇਗੀ ਪਰ ਚੱਲਣ ਦੇ ਸਥਾਨ ਅਤੇ ਪੁੱਜਣ  ਦੇ ਸਥਾਨ ਦੀ ਢੁਕਵੀਂ ਵੈਰੀਫ਼ਿਕੇਸ਼ਨ ਤੋਂ ਬਾਅਦ।  ਹੈਲਥ ਸੇਵਾਵਾਂ ਨਾਲ ਸਬੰਧਤ ਵਿਅਕਤੀ ਜ਼ਿਵੇਂ ਕਿ ਡਾਕਟਰ,ਨਰਸਾਂ, ਫਾਰਮਾਸਿਸਟ ਅਤੇ ਹੋਰ ਸਟਾਫ ਆਪਣੀ ਡਿਊਟੀ ਕਰ ਸਕਦਾ ਹੈ। ਉਨ੍ਹਾਂ ਕੋਲ ਆਪਣੇ ਅਦਾਰੇ ਵੱਲੋਂ ਜਾਰੀ ਆਈ ਕਾਰਡ ਹੋਣਾ ਲਾਜ਼ਮੀ ਹੈ।  ਸਨਅਤ ਅਤੇ ਉਸਾਰੀ ਗਤੀਵਿਧੀਆਂ ਨਾਲ ਸਬੰਧਤ ਕਾਮੇ ਅਤੇ ਸਟਾਫ ਆਪਣੇ ਕੰਮ ਤੇ ਜਾ ਸਕਦੇ ਹਨ। ਉਨ੍ਹਾਂ ਕੋਲ ਵੀ ਆਈ ਕਾਰਡ ਹੋਣਾ ਚਾਹੀਦਾ ਹੈ। ਹਸਪਤਾਲ , ਦਵਾਈਆਂ ਦੀਆਂ ਦੁਕਾਨਾਂ ਅਤੈ ਏ.ਟੀ.ਐਮ. ਹਫਤੇ ਦੇ 7 ਦਿਨ ਤੇ 24 ਘੰਟੇ ਖੁੱਲੇ ਰਹਿਣਗੇ।

ਮੀਡੀਆ ਕਰਮੀ ਜਿਨ੍ਹਾਂ ਕੋਲ ਪੰਜਾਬ/ਹਰਿਆਣਾ/ਯੂ.ਟੀ. ਅਤੇ ਭਾਰਤ ਸਰਕਾਰ ਵੱਲੋਂ ਜਾਰੀ ਐਕਰੀਡੇਸ਼ਨ ਅਤੇ ਮਾਨਤਾ ਦੇ ਗੁਲਾਬੀ ਅਤੇ ਪੀਲੇ ਕਾਰਡ ਹੋਣ, ਨੂੰ ਛੋਟ ਦਿੱਤੀ ਗਈ ਹੈ । ਖੁਰਾਕੀ ਵਸਤਾਂ , ਫਲ , ਸਬਜ਼ੀਆਂ , ਡੇਅਰੀ ਉਤਪਾਦ , ਦਵਾਈਆਂ , ਮੈਡੀਕਲ ਸਮੱਗਰੀ , ਐਲ.ਪੀ.ਜੀ., ਪੀ.ਓ.ਐਲ, ਪਸ਼ੂਆ ਦੀ ਫੀਡ ਆਦਿ ਦੇ ਉਤਪਾਦਨ ਅਤੇ ਅੰਤਰਰਾਜੀ ਟਰਾਂਸਪੋਰਟ ਸਬੰਧੀ ਛੋਟ ਦਿੱਤੀ ਗਈ ਹੈ। ਜ਼ਰੂਰੀ ਵਸਤਾਂ ਦੀ ਪੈਕਿੰਗ ਲਈ ਸਮੱਗਰੀ ਤਿਆਰ ਕਰਨ ਸਬੰਧੀ ਵੀ ਛੋਟ ਦਿੱਤੀ ਗਈ ਹੈ। ਜਿਹੜੇ ਵਾਹਨ ਖੁਰਾਕੀ ਵਸਤਾਂ ਜਿਵੇਂ ਕਿ ਸਬਜ਼ੀਆਂ , ਕਰਿਆਨਾ, ਆਂਡੇ, ਮੀਟ ਆਦਿ ਲਿਜਾਉਣ ਵਾਲੇ ਹਨ, ਨੂੰ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਪਸ਼ੂਆਂ ਦਾ ਚਾਰਾ ਅਤੇ ਮੁਰਗੀ ਪਾਲਣ ਤੇ ਸੂਰ ਪਾਲਣ ਸਬੰਧੀ ਫੀਡ ਲਿਜਾਉਣ ਵਾਲੇ ਵਾਹਨ, ਏ.ਟੀ.ਐਮ. ਕੈਸ਼ ਵੈਨਾ , ਐਲ.ਪੀ.ਜੀ. ,ਤੇਲ ਕੰਨਟੇਨਰ/ਟੈਕਰ, ਘਰਾਂ ਤੱਕ ਦੁੱਧ, ਸਬਜੀਆਂ , ਦਿਵਾਈਆਂ ਅਤੇ ਖੁਰਾਕੀ ਵਸਤਾਂ ਪਹੁੰਚਾਉਣ ਵਾਲੇ ਵਾਹਨਾਂ ਸਮੇਤ ਹਾਕਰਾਂ , ਰੇਹੜੀਆਂ ਵਾਲਿਆਂ ਅਤੇ ਦੋਧੀਆਂ ਨੂੰ ਛੋਟ ਹੈ। ਖੇਤੀਬਾੜੀ/ ਸਹਾਇਕ ਧੰਦਿਆਂ ਸਬੰਧੀ ਵੀ ਛੋਟ ਦਿਤੀ ਗਈ ਹੈ। 

ਜਿਨ੍ਹਾਂ ਵਿੱਚ ਕਿਸਾਨ /ਖੇਤ ਮਜ਼ਦੂਰ ਜੋ ਕਿ ਖੇਤਾਂ ਵਿੱਚ ਕੰਮ ਲਈ ਜਾ ਰਹੇ ਹੋਣ , ਖੇਤੀਬਾੜੀ ਮਸ਼ੀਨਰੀ ਸਮੇਤ ਕੰਬਾਇਨਾਂ, ਉਹ ਮਸ਼ੀਨਰੀ ਜਿਹੜੀ ਖੇਤੀ ਉਤਪਾਦ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਲਈ ਵਰਤੀ ਜਾ ਰਹੀ ਹੋਵੇ, ਕਸਟਮ ਹਾਈਰਿੰਗ ਸੈਂਟਰ(ਸਹਿਕਾਰੀ ਅਤੇ ਪ੍ਰਾਈਵੇਟ ਦੋਵੇਂ) , ਆਟਾ ਮਿੱਲ, ਮਿਲਕ ਪਲਾਂਟ ਅਤੇ ਡੇਅਰੀਆਂ ਦੀਆਂ ਗਤੀਵਿਧੀਆਂ , ਬੀਜ਼ਾਂ ,ਖਾਦਾਂ , ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਿਕਰੀ , ਸਰਕਾਰੀ ਏਜੰਸੀਆਂ ਵੱਲੋਂ ਖੁਰਾਕ ਦੀ ਖਰੀਦ ਸਮੇਤ ਰੇਲਵੇਜ਼ ਅਤੇ ਐਨ.ਐਫ.ਐਸ.ਏ. ਤਹਿਤ ਜਨਤਕ ਵੰਡ ਪ੍ਰਣਾਲੀ ਸਬੰਧੀ ਗਤੀਵਿਧੀਆਂ ਦੀ ਛੋਟ ਦਿੱਤੀ ਗਈ ਹੈ। ਐਲ.ਡੀ.ਐਮ. ਵਲੋਂ ਚੁਣੀਆਂ ਗਈਆਂ ਬੈਂਕਾਂ ਦੀਆਂ ਬਰਾਂਚਾਂ ਸਮੇਤ ਖਜ਼ਾਨਾ/ਕਰੰਸੀ ਚੈਸਟਜ਼ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ। ਹਲਾਂਕਿ ਪਬਲਿਕ ਡੀਲਿੰਗ ਦੀ ਆਗਿਆ ਨਹੀਂ ਦਿੱਤੀ ਗਈ ਹੈ।

ਪਸ਼ੂ ਪਾਲਣ ਸਬੰਧੀ ਸੇਵਾਵਾਂ ਅਤੇ ਸਪਲਾਈਜ਼ ਨੂੰ ਵੀ ਛੋਟ ਦਿੱਤੀ ਗਈ ਹੈ।  ਈ.ਕਮਰਸ ਪੋਰਟਲਾਂ ਵੱਲੋਂ ਜਿਵੇ ਕਿ ਐਮਾਜੋਨ , ਫਲਿੱਪਕਾਰਟ , ਸਵੀਗੀ, ਜੋਮੇਟੋ, ਮਾਰਕਫੈੱਡ ਆਦਿ ਵੱਲੋਂ ਹੋਮ ਡਿਲਵਰੀ ਸੇਵਾਵਾਂ ਦੀ ਛੋਟ ਦਿੱਤੀ ਗਈ ਹੈ। ਚਿੜੀਆਂ ਘਰ , ਨਰਸਰੀਆਂ ਅਤੇ ਪਲਾਂਟੇਸ਼ਨ ਦੇ ਰੱਖ ਰੱਖਾਵ ਦੀ ਛੋਟ ਹੈ। ਬਿਜਲੀ ਦੇ ਉਤਪਾਦਨ /ਟਰਾਂਸਮਿਸ਼ਨ ਅਤੇ ਵੰਡ , ਪਾਵਰ ਪਲਾਂਟਾਂ ਦੇ ਅਪਰੇਸ਼ਨ ਸਮੇਤ ਮੁੜ ਵਰਤੋਂਯੋਗ ਐਨਰਜੀ ਸਟੇਸ਼ਨ, ਸੋਲਰ ਪਾਵਰ, ਹਾਈਡਰੋ ਪਾਵਰ , ਬਾਇਓਮਾਸ/ਬਾਇਓਗੈਸ ਆਦਿ ਅਤੇ ਇੱਟਾਂ ਦੇ ਭੱਠਿਆਂ ਦੇ ਚੱਲਣ ਸਬੰਧੀ ਛੋਟ ਦਿੱਤੀ ਗਈ ਹੈ। ਇਹ ਪਾਬੰਦੀਆਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ ।