ਕੇਜਰੀਵਾਲ ਰਿਮੋਟ ਕੰਟਰੋਲ ਰਾਹੀਂ ਚਲਾ ਰਹੇ ਹਨ ਪੰਜਾਬ ਦੀ ਭਗਵੰਤ ਮਾਨ ਸਰਕਾਰ : ਪ੍ਰਤਾਪ ਬਾਜਵਾ

ਏਜੰਸੀ

ਖ਼ਬਰਾਂ, ਪੰਜਾਬ

ਕੇਜਰੀਵਾਲ ਰਿਮੋਟ ਕੰਟਰੋਲ ਰਾਹੀਂ ਚਲਾ ਰਹੇ ਹਨ ਪੰਜਾਬ ਦੀ ਭਗਵੰਤ ਮਾਨ ਸਰਕਾਰ : ਪ੍ਰਤਾਪ ਬਾਜਵਾ

image


ਸਰਕਾਰ ਦੀ ਕਾਰਜਸ਼ੈਲੀ 'ਤੇ ਚੁੱਕੇ ਕਈ ਗੰਭੀਰ ਸਵਾਲ


ਚੰਡੀਗੜ੍ਹ, 20 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਖੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੂੰ  ਨਾਲ ਲੈ ਕੇ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕਾਰਜਸ਼ੈਲੀ ਅਤੇ 'ਆਪ' ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਉਪਰ ਗੰਭੀਰ ਸਵਾਲ ਉਠਾਉਂਦਿਆਂ ਸਪੱਸ਼ਟੀਕਰਨ ਮੰਗੇ ਹਨ | ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਤੋਂ ਕੇਜਰੀਵਾਲ ਹੀ ਭਗਵੰਤ ਮਾਨ ਸਰਕਾਰ ਨੂੰ  ਰਿਮੋਟ ਕੰਟਰੋਲ ਰਾਹੀਂ ਚਲਾ ਰਹੇ ਹਨ | ਪੰਜਾਬ ਦੀ ਪੁਲਿਸ ਅਫ਼ਸਰਸ਼ਾਹੀ ਅਤੇ ਵਸੀਲਿਆਂ ਦੀ ਵਰਤੋਂ ਦੂਜੇ ਰਾਜਾਂ ਵਿਚ ਅਪਣਾ ਪ੍ਰਭਾਵ ਵਧਾਉਣ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬਦਲਾਅ ਨਹੀਂ ਬਦਲਾ ਲੈ ਰਹੇ ਲਗਦੇ ਹਨ |
ਦਿੱਲੀ ਦੇ ਸਾਬਕਾ 'ਆਪ' ਆਗੂ ਕੁਮਾਰ ਵਿਸ਼ਵਾਸ 'ਤੇ ਪੰਜਾਬ ਪੁਲਿਸ ਦੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਇਹ ਅਪਣੇ ਵਿਰੋਧੀ ਹੋਰ ਨੇਤਾਵਾਂ ਨੂੰ  ਵੀ ਸੰਦੇਸ਼ ਦੇਣ ਦਾ ਯਤਨ ਹੈ ਕਿ ਤੁਹਾਡੇ ਨਾਲ ਵੀ ਅਜਿਹਾ ਹੋ ਸਕਦਾ ਹੈ |
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀ ਕੇਜਰੀਵਾਲ ਦੀ ਕਠਪੁਤਲੀ ਬਣ ਚੁੱਕੇ ਹਨ | ਉਨ੍ਹਾਂ ਪੁਛਿਆ ਕਿੀ ਪੰਜਾਬ ਪੁਲਿਸ ਇਸੇ ਕੰਮ ਲਈ ਰਹਿ ਗਈ ਹੈ ਜਦਕਿ ਹਰ ਦਿਨ ਸੂਬੇ ਵਿਚ ਕਤਲ ਤੇ ਲੁੱਟ ਖੋਹ ਦੀਆਂ ਘਟਨਾਵਾਂ ਹੋ ਰਹੀਆਂ ਹਨ | ਉਨ੍ਹਾਂ ਪੰਜਾਬ ਦੇ ਡੀ.ਜੀ.ਪੀ. ਤੋਂ ਮੰਗ ਕੀਤੀ ਕਿ ਉਹ ਸਪੱਸ਼ਟ ਕਰਨ ਕਿ ਕੇਜਰੀਵਾਲ ਨਾਲ ਪੰਜਾਬ ਦੇ ਕਮਾਂਡੋ ਵੀ ਤੈਨਾਤ ਕੀਤੇ ਗਏ ਹਨ? ਉਨ੍ਹਾਂ ਹੋਰ ਸਵਾਲ ਚੁਕਦਿਆਂ ਕਿਹਾ ਕਿ ਰਾਘਵ ਚੱਢਾ ਵਲੋਂ ਬਦਲੀਆਂ ਦਾ ਕੰਮ ਕੀਤੇ ਜਾਣ ਦੀ ਚਰਚਾ ਤੋਂ ਬਾਅਦ ਹੁਣ ਇਕ ਮਹਿਲਾ ਅਧਿਕਾਰੀ ਨੂੰ  ਵੀ ਦਿੱਲੀ ਤੋਂ ਪੰਜਾਬ ਦੇ ਵਿੱਤ ਵਿਭਾਗ 'ਤੇ ਨਜ਼ਰ ਰੱਖਣ ਲਈ ਲਾਇਆ ਗਿਆ ਹੈ | ਇਸੇ ਤਰ੍ਹਾਂ ਮੰਤਰੀਆਂ ਨਾਲ ਵੀ ਦਿੱਲੀ ਦੇ ਬੰਦੇ ਲਾ ਦਿਤੇ ਗਏ ਹਨ ਜੋ ਮੋਹਾਲੀ ਦੇ ਇਕ ਵੱਡੇ ਹੋਟਲ ਵਿਚ ਮੀਟਿੰਗ ਕਰ ਕੇ ਸਰਕਾਰ ਨੂੰ  ਦਿਸ਼ਾ ਨਿਰਦੇਸ਼ ਦਿੰਦੇ ਹਨ |
ਬਾਜਵਾ ਨੇ ਬਿਜਲੀ ਦੇ ਮੁੱਦੇ ਨੂੰ  ਲੈ ਕੇ ਵੀ 'ਆਪ' ਸਰਕਾਰ ਦੀ ਨੀਤੀ ਨੂੰ  ਲੈ ਕੇ ਸਵਾਲ ਚੁੱਕੇ ਗਏ ਹਨ | ਉਨ੍ਹਾਂ ਪੁਛਿਆ ਕਿ ਸਰਕਾਰ ਦੱਸੇ ਕਿ ਆਉਣ ਵਾਲੇ ਸਮੇਂ ਵਿਚ ਖੇਤੀ ਤੇ ਇੰਡਸਟਰੀ ਨੂੰ  ਨਿਰਵਿਘਨ ਬਿਜਲੀ ਦੇਣ ਦੇ ਕੀ ਪ੍ਰਬੰਧ ਕੀਤੇ ਗਏ ਹਨ ਜਦਕਿ ਬਹੁਤੇ ਥਰਮਲ ਬੰਦ ਹੋ ਚੁੱਕੇ ਹਨ ਤੇ ਬਾਕੀ ਕੋਇਲੇ ਦੀ ਕਮੀ ਕਾਰਨ ਬੰਦ ਹੋ ਰਹੇ ਹਨ | ਝੋਨੇ ਦੀ ਬਿਜਾਈ ਸ਼ੁਰੂ ਹੋਣ ਸਮੇਂ ਬਿਜਲੀ ਦਾ ਵੱਡਾ ਸੰਕਟ ਆਉਣ ਵਾਲਾ ਹੈ | ਉਨ੍ਹਾਂ ਬਿਜਲੀ ਦੀ ਸਥਿਤੀ ਨੂੰ  ਲੈ ਕੇ ਵਾਈਟ ਪੇਪਰ ਦੀ ਸਰਕਾਰ ਤੋਂ ਮੰਗ ਕੀਤੀ ਹੈ | ਉਨ੍ਹਾਂ ਬਿਜਲੀ ਸਮਝੌਤੇ ਰੱਦ ਕਰਨ ਬਾਰੇ ਵੀ ਸਰਕਾਰ ਨੂੰ  ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ | ਦਰਿਆਈ ਪਾਣੀਆਂ ਨੂੰ  ਪੰਜਾਬ ਦੀ ਜੀਵਨ ਰੇਖਾ ਦਸਦੇ ਹੋਏ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਦੇ ਨੇੜਲੇ ਖ਼ਾਸ ਮੈਂਬਰ ਨੇ ਐਸ.ਵਾਈ.ਐਲ ਨੂੰ  ਲੈ ਕੇ ਬਿਆਨ ਦਿਤਾ ਹੈ | ਉਨ੍ਹਾਂ ਕਿਹਾ ਕਿ ਇਸ ਬਿਆਨ ਬਾਰੇ ਪੰਜਾਬ ਨੂੰ  ਲੈ ਕੇ ਕੇਜਰੀਵਾਲ ਨੂੰ  ਖ਼ੁਦ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ |

ਡੱਬੀ
ਪੰਜਾਬ ਦੀ ਸਥਿਤੀ ਤੋਂ ਸੋਨੀਆ ਗਾਂਧੀ ਨੂੰ  ਜਾਣੰੂ ਕਰਵਾਇਆ
ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਵਜੋਂ ਬੀਤੇ ਦਿਨ ਪਹਿਲੀ ਵਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ  ਮਿਲ ਕੇ ਵੀ ਬਾਜਵਾ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੋਂ ਜਾਣੰੂ ਕਰਵਾਇਆ ਹੈ | ਬਾਜਵਾ ਨੇ ਦਸਿਆ ਕਿ ਭਾਵੇਂ ਸੰਖੇਪ ਮਿਲਣੀ ਹੀ ਹੋਈ ਪਰ ਪੰਜਾਬ ਦੇ ਕਈ ਅਹਿਮ ਮਾਮਲਿਆਂ 'ਤੇ ਗੱਲ ਹੋਈ ਹੈ | ਉਨ੍ਹਾਂ ਨੂੰ  ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ਅਤੇ 'ਆਪ' ਸਰਕਾਰ ਦੀ ਕਾਰਜਸ਼ੈਲੀ ਤੇ ਵਾਅਦਿਆਂ ਤੋਂ ਭੱਜਣ ਦੀ ਨੀਤੀ ਬਾਰੇ ਦਸਿਆ ਹੈ | ਬਾਜਵਾ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਨੇ ਵੀ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਪਾਰਟੀ ਆਗੂਆਂ ਨੂੰ  ਮਿਲ ਕੇ ਕੰਮ ਕਰਨ ਲਈ ਕਿਹਾ ਹੈ |