ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਤਰਜੀਹ : ਰਾਏ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਤਰਜੀਹ : ਰਾਏ

image

ਫ਼ਤਿਹਗੜ੍ਹ ਸਾਹਿਬ, 20 ਅਪ੍ਰੈਲ (ਇੰਦਰਪ੍ਰੀਤ ਬਖਸ਼ੀ/ਗੁਰਬਚਨ ਸਿੰਘ ਰੁਪਾਲ): ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਹਸਪਤਾਲਾਂ ਦੇ ਗੇੜੇ ਨਾ ਮਾਰਨੇ ਪੈਣ। ਇਹ ਗੱਲ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਿਹਤ ਵਿਭਾਗ ਪੰਜਾਬ ਵਲੋਂ ਆਜਾਦੀ ਦੇ ਮਹਾਂਉਤਸਵ ਨੂੰ ਸਮਰਪਿਤ ਲਗਾਏ ਸਿਹਤ ਮੇਲੇ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੜਾਅਵਾਰ ਪੂਰਾ ਕੀਤਾ ਜਾਵੇਗਾ ਅਤੇ ਸਰਕਾਰੀ ਹਸਪਤਾਲਾਂ ਵਿਚ ਸਟਾਫ ਦੀ ਘਾਟ ਸਬੰਧੀ ਵੀ ਛੇਤੀ ਹੀ ਅਹਿਮ ਕਦਮ ਚੁੱਕੇ ਜਾਣਗੇ। ਵਿਧਾਇਕ ਰਾਏ ਨੇ ਇਸ ਮੌਕੇ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਤਿੰਨ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇ ਚੈਕ ਵੀ ਭੇਂਟ ਕੀਤੇ। ਡਿਪਟੀ ਕਮਿਸ਼ਨਰ ਸ਼੍ਰੀਮਤੀ ਪ੍ਰਨੀਤ ਸ਼ੇਰਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਂਵੇਂ ਕੋਰੋਨਾ ਦਾ ਪ੍ਰਭਾਵ ਘਟ ਹੋ ਰਿਹਾ ਹੈ ਪ੍ਰੰਤੂ ਲੋਕਾਂ ਨੂੰ ਵੈਕਸੀਨੇਸ਼ਨ ਮੁਕੰਮਲ ਕਰਵਾਉਣੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਿਹਤ ਮੇਲੇ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ  ਕੀਤੀਆਂ ਜਾਣ। ਇਸ ਮੌਕੇ ਟਿਵਾਣਾ ਫੀਡ ਦੇ ਮਾਲਕ ਮਲਕੀਤ ਸਿੰਘ ਟਿਵਾਣਾ ਵਲੋਂ ਚਨਾਰਥਲ ਕਲਾਂ ਦੇ ਹਸਪਤਾਲ ਲਈ 50 ਹਜਾਰ ਰੁਪਏ ਵੀ ਦਿੱਤੇ। ਅੱੈਸ.ਅੱੈਮ.ਓ. ਡਾ: ਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਦੇ ਸਿਹਤ ਮੇਲੇ ਵਿਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ 2260 ਵਿਅਕਤੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਵੱਖ-ਵੱਖ ਭਲਾਈ ਸਕੀਮਾਂ ਅਧੀਨ ਲੋਕਾਂ ਦੇ ਕਾਰਡ ਵੀ ਬਣਾਏ ਗਏ। ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਾ ਨਾਟਕ ਵੀ ਪੇਸ਼ ਕੀਤਾ ਗਿਆ ਅਤੇ ਇਕ ਹੋਰ ਵਿਦਿਆਰਥੀ ਬੂਟਾ ਸਿੰਘ ਵਲੋਂ ਕਵਿਤਾ ਵੀ ਸੁਣਾਈ ਗਈ। 
ਇਸ ਮੌਕੇ ਐੱਸ.ਡੀ.ਐੱਮ. ਫ਼ਤਹਿਗੜ੍ਹ ਸਾਹਿਬ ਡਾ. ਹਿਮਾਂਸ਼ੂ ਗੁਪਤਾ, ਨਾਇਬ ਤਹਿਸੀਲਦਾਰ ਗੌਰਵ ਬਾਂਸਲ, ਕਾਰਜਕਾਰੀ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ, ਸਾਬਕਾ ਸਰਪੰਚ ਹਰਮੇਲ ਸਿੰਘ, ਗੁਰਦੀਪ ਸਿੰਘ ਜਖਵਾਲੀ, ਰੋਹੀ ਰਾਮ ਧਤੋਂਦਾ, ਅਮਰੀਕ ਸਿੰਘ ਨੰਬਰਦਾਰ ਛਲੇੜੀ ਕਲਾਂ, ਗੁਰਿੰਦਰ ਸਿੰਘ ਰਾਜਾ, ਸਿਹਤ ਵਿਭਾਗ ਦੇ ਸ੍ਰੀ ਮਹਾਂਵੀਰ, ਜਿਲ੍ਹਾ ਮਾਸ ਮੀਡੀਆ ਅਫਸਰ ਅਮਰਜੀਤ ਸਿੰਘ ਸੋਹੀ, ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ, ਜਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਅਮਰਜੀਤ ਸਿੰਘ, ਜ਼ਿਲਾ ਪ੍ਰੋਗਰਾਮ ਮੈਨੇਜਰ ਕਸੀਤਿਜ ਸੀਮਾ ਆਦਿ ਹਾਜ਼ਰ ਸਨ।
ਇਹ ਕੈਪਸ਼ਨ ਫਾਇਲ 20-03 ਦੀ ਹੈ।