ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਲੈ ਕੇ ਬੋਲੇ ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਭਾਈ ਰਣਜੀਤ ਸਿੰਘ ਅਕਾਲ ਤਖ਼ਤ ਵਿਖੇ ਆ ਕੇ ਖੁੱਲ੍ਹ ਕੇ ਪੱਖ ਰੱਖਣ'

Jathedar Kuldeep Singh Gargajj spoke about Bhai Ranjit Singh Dhadrianwale

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੋਮਵਾਰ ਨੂੰ ਸਾਰੇ ਸਿੱਖ ਪ੍ਰਚਾਰਕਾਂ ਨੂੰ ਸਿੱਖ ਪੰਥ ਦੀ ਏਕਤਾ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਅਤੇ ਮੁਆਫ਼ੀ ਮੰਗਣ ਦੀ ਸਲਾਹ ਦਿੱਤੀ, ਤਾਂ ਜੋ ਸੰਪਰਦਾਇਕ ਮਤਭੇਦ ਖਤਮ ਹੋ ਸਕਣ ਅਤੇ ਸਿੱਖ ਭਾਈਚਾਰਾ ਇੱਕਜੁੱਟ ਹੋ ਕੇ ਅੱਗੇ ਵਧ ਸਕੇ।

ਧਾਰਮਿਕ ਫ਼ਿਲਮਾਂ ਬਣਾਉਣ ਨੂੰ ਲੈ ਕੇ ਹੋਵੇਗੀ ਵਿਚਾਰ-ਚਰਚਾ
ਇਸ ਦੌਰਾਨ ਜਥੇਦਾਰ ਨੇ ਸਿੱਖ ਧਰਮ 'ਤੇ ਬਣ ਰਹੀਆਂ ਫਿਲਮਾਂ ਸਬੰਧੀ ਜਲਦੀ ਹੀ ਮੀਟਿੰਗ ਬੁਲਾਉਣ ਦੀ ਗੱਲ ਵੀ ਕਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਫਿਲਮਾਂ ਨਾਲ ਸਬੰਧਤ ਜਾਣਕਾਰੀ ਪਹਿਲਾਂ ਹੀ ਸਾਂਝੀ ਕੀਤੀ ਜਾ ਚੁੱਕੀ ਹੈ। ਕੋਈ ਵੀ ਸਿੱਖ ਗੁਰੂਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸ਼ਹੀਦਾਂ ਦਾ ਰੂਪ ਨਹੀਂ ਲੈ ਸਕਦਾ। ਇਸ ਮੀਟਿੰਗ ਵਿੱਚ ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

'ਭਾਈ ਰਣਜੀਤ ਸਿੰਘ ਅਕਾਲ ਤਖ਼ਤ ਵਿਖੇ ਆ ਕੇ ਖੁੱਲ੍ਹ ਕੇ ਪੱਖ ਰੱਖਣ'

ਜ਼ਿਕਰਯੋਗ ਹੈ ਕਿ 24 ਅਗਸਤ, 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਣਜੀਤ ਸਿੰਘ ਢੱਡਰੀਆਂਵਾਲੇ ਵਿਰੁੱਧ ਗੁਰਮਤਿ ਨਾਲ ਸਬੰਧਤ ਵਿਵਾਦਪੂਰਨ ਬਿਆਨਾਂ ਕਾਰਨ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਉਸ ਹੁਕਮ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਜਦੋਂ ਤੱਕ ਢੱਡਰੀਆਂ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦੇ, ਉਨ੍ਹਾਂ ਦੇ ਧਾਰਮਿਕ ਇਕੱਠਾਂ ਦਾ ਬਾਈਕਾਟ ਕੀਤਾ ਜਾਵੇ। ਗੜਗੱਜ ਨੇ ਕਿਹਾ ਕਿ ਜੇਕਰ ਢੱਡਰੀਆਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੁੰਦੇ ਹਨ, ਤਾਂ ਉਨ੍ਹਾਂ ਦੇ ਵਿਚਾਰ ਵੀ ਸੁਣੇ ਜਾਣਗੇ ਅਤੇ ਪੰਥਕ ਮਸਲਿਆਂ ਦੇ ਹੱਲ ਵੱਲ ਠੋਸ ਕਦਮ ਚੁੱਕਿਆ ਜਾਵੇਗਾ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸਿੱਖ ਸੰਪਰਦਾਵਾਂ ਨੂੰ ਇੱਕਜੁੱਟ ਕੀਤਾ ਜਾਵੇ ਅਤੇ ਧਰਮ ਪਰਿਵਰਤਨ ਵਰਗੇ ਗੰਭੀਰ ਮੁੱਦਿਆਂ 'ਤੇ ਸਹਿਮਤੀ ਬਣਾ ਕੇ ਇੱਕ ਸਾਂਝੀ ਰਣਨੀਤੀ ਬਣਾਈ ਜਾਵੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਤਾਂ ਜੋ ਸਿੱਖ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਦਾ ਮਿਲ ਕੇ ਮੁਕਾਬਲਾ ਕੀਤਾ ਜਾ ਸਕੇ।