ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਸਾਲ ਵੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

Suicide

ਪਟਿਆਲਾ : ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਨੇ ਪੰਜਾਬ ‘ਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਾੜੀ ਆਰਥਿਕ ਹਾਲਤ ਨੂੰ ਜੱਗ ਜਾਹਿਰ ਕੀਤਾ ਹੈ। ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਗੋਂ ਹਰ ਰੋਜ਼ ਹੀ ਕਿਤੇ ਨਾ ਕਿਤੇ ਖੁਦਕੁਸ਼ੀ ਹੁੰਦੀ ਰਹਿੰਦੀ ਹੈ। ਸੂਬੇ ਅੰਦਰ ਕਿਸਾਨ ਮਜ਼ਦੂਰਾਂ ਦੀ ਹਾਲਤ ਦਿਨ-ਬ-ਦਿਨ ਕਮਜੋਰ ਹੁੰਦੀ ਜਾ ਰਹੀ ਹੈ,ਜਿਸ ਦੇ ਕਾਰਨ ਸੂਬੇ ਅੰਦਰ ਹਰ ਰੋਜ਼ ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਰਹੇ ਹਨ।

ਪਟਿਆਲਾ ਦੇ ਕਸਬਾ ਸ਼ੁਤਰਾਣਾ ਵਿਖੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਇੱਕ ਕਿਸਾਨ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੀ ਪਛਾਣ ਹਜੂਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਕਿਸਾਨ ਹਜੂਰ ਸਿੰਘ ਦੇ ਲੜਕੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਸਿਰ ਵੱਖ-ਵੱਖ ਬੈਂਕਾਂ ਦਾ ਕਾਫੀ ਕਰਜ਼ਾ ਸੀ ਅਤੇ ਇਸੇ ਤੋਂ ਪਰੇਸ਼ਾਨ ਹੋ ਕੇ ਉਸ ਦੇ ਪਿਤਾ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।

ਮ੍ਰਿਤਕ ਦੇ ਭਰਾ ਮਹਿੰਦਰ ਸਿੰਘ ਨੇ ਕਿਹਾ ਕਿ ਕਰਜ਼ੇ ਤੋਂ ਤੰਗ ਹਜੂਰ ਸਿੰਘ ਨੇ ਪਿਛਲੇ ਸਾਲ ਵੀ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਡਾਕਟਰਾਂ ਨੇ ਉਸ ਨੂੰ ਬਚਾ ਲਿਆ ਸੀ। ਉੱਧਰ ਸ਼ੁਤਰਾਣਾ ਪੁਲਿਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।