ਝੋਨੇ 'ਤੇ ਰੋਕ ਲਾਉਣ ਨਾਲ ਕਿਸਾਨ ਹੋ ਜਾਣਗੇ ਬਰਬਾਦ: ਕਾ. ਵਿਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਪੀਆਈ ਨੇ ਉਠਾਏ ਸਰਕਾਰ ਅੱਗੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਮੁੱਦੇ

ਕਾ. ਵਿਰਕ ਦੀ ਅਗਵਾਈ 'ਚ ਸੀਪੀਆਈ ਦੇ ਆਗੂ ਰੋਸ ਪ੍ਰਗਟ ਕਰਦੇ ਹੋਏ

ਸਿਰਸਾ, 20 ਮਈ (ਸੁਰਿੰਦਰ ਪਾਲ ਸਿੰਘ/ਗੁਰਮੀਤ ਸਿੰਘ ਖਾਲਸਾ): ਸਿਰਸਾ ਦੇ ਕਰਤਾਰ ਸਿੰਘ ਸਰਾਭਾ ਹਾਲ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵੱਲੋ ਜਨ ਹਿਤ ਦੀਆਂ ਮੰਗਾਂ ਨੂੰ ਲੈ ਕੇ ਅਤੇ ਸਰਕਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਕੇ ਇੱਕ ਸੰਖੇਪ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਕਾਮਰੇਡ ਸਵਰਨ ਸਿੰਘ ਵਿਰਕ ਨੇ ਕੀਤੀ।

ਸੀਪੀਆਈ ਦੇ ਜਿਲ੍ਹਾ ਸਕੱਤਰ ਤਿਲਕ ਰਾਜ ਵਿਨਾਇਕ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਜਿਲ੍ਹੇ ਦੇ ਡੀ.ਸੀ ਰਾਹੀਂ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਮ ਭੇਜੇ ਗਏ ਮੰਗ ਪੱਤਰ ਵਿੱਚ ਸੂਬੇ ਦੇ ਮਿਹਨਤਕਸ਼ ਕਿਸਾਨਾਂ ਅਤੇ ਮਜ਼ਦੂਰਾਂ ਦੀਆ ਸਮਸਿਆਵਾਂ ਨੂੰ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਬੋਲਦਿਆ ਕਾਮਰੇਡ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਲਾਕਡਾਊਨ ਦੌਰਾਨ ਆਪਣੇ ਮਹਿਲਾਂ ਵਿੱਚ ਪਰਿਵਾਰਾਂ ਸਮੇਤ ਸੁੱਖ ਸਹੂਲਤਾਂ ਦਾ ਆਨੰਦ ਲੈ ਰਹੇ ਦੇਸ਼ ਦੇ ਸੱਤਾਧਾਰੀਆਂ ਕੋਲ ਇੰਨਾ ਸਮਾਂ ਹੀ ਨਹੀਂ ਕਿ Àਹ ਦੇਸ਼ ਦੇ ਲੱਖਾਂ ਰੋਜ਼ੀ ਰੋਟੀ ਤੋ ਆਤੁਰ ਤੇ ਬੇ-ਵੱਸ ਲੱਖਾਂ ਕਾਮਿਆਂ ਦਾ ਦਰਦ  ਸਮਝ ਸਕਣ।


ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਪਿਛਲੇ ਸਾਲ ਕਿਸਾਨਾਂ ਨੂੰ ਖੇਤਾਂ 'ਚੋਂ ਪਰਾਲੀ ਚੁੱਕੇ ਜਾਣ ਦੇ ਨਾਂਅ 'ਤੇ ਇਕ ਹਜ਼ਾਰ ਰੁਪਏ ਭੁਗਤਾਨ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਨਹੀਂ ਦਿੱਤਾ ਗਿਆ। ਇਸ ਮੌਕੇ ਸੀਪੀਆਈ ਦੇ ਜਿਲ੍ਹਾ ਸਕੱਤਰ ਤਿਲਕ ਰਾਜ ਵਿਨਾਇਕ ਨੇ ਕਿਹਾ ਕਿ ਇਸ ਵਾਰ ਸਰਕਾਰ ਧਾਨ ਤੇ ਰੋਕ ਲਾਉਣ ਦਾ ਫ਼ੈਸਲਾ ਲਾਗੂ ਨਾ ਕਰੇ।

ਉਨ੍ਹਾਂ ਕਿਹਾ ਕਿ ਘੱਗਰ ਦੀ ਧਾਰ ਅੰਦਰਲੀ ਧਰਤੀ ਵਿਚ ਕੇਵਲ ਝੋਨੇ ਦੀ ਹੀ ਫਸਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਘੱਗਰ ਨਦੀ ਦੇ ਬੰਨ੍ਹ ਮਜ਼ਬੂਤ ਕਰੇ ਅਤੇ ਰਸਤਿਆਂ ਦੀ ਮੁਰੰਮਤ ਕਰਵਾਵੇ। ਕਿਸਾਨ ਸਭਾ ਦੇ ਉੱਪ ਪ੍ਰਧਾਨ ਹਰਦੇਵ ਸਿੰਘ ਜੋਸ਼ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਕਿਸਾਨ ਝੋਨਾ ਨਹੀਂ ਲਾਉਣਗੇ, ਉਨ੍ਹਾਂ ਨੂੰ 7 ਹਜ਼ਾਰ ਰੁਪਏ ਪ੍ਰਤੀ ਕਿੱਲਾ ਸਰਕਾਰ ਵਲੋਂ ਦਿੱਤਾ ਜਾਵੇਗਾ ਜੋ ਬਿਲਕੁਲ ਝੂਠਾ ਵਾਅਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੂੰਜੀਪਤੀਆਂ ਨੂੰ ਸ਼ਹਿ ਦੇ ਰਹੀ ਹੈ।

ਇਸ ਮੌਕੇ ਇਸ ਮੰਗ ਪੱਤਰ ਦੇ ਹਸਤਾਖਰ ਕਰਨ ਵਾਲਿਆਂ ਵਿੱਚ ਕਾਮਰੇਡ ਗੁਰਾਂਦਿਤਾ ਸਿੰਘ, ਕਿਸਾਨ ਸਭਾ ਦੇ ਉੱਪ ਪ੍ਰਧਾਨ ਹਰਦੇਵ ਸਿੰਘ ਜੋਸ਼ ਸੁਰਜੀਤ ਸਿੰਘ ਰੇਣੂ, ਕਸ਼ਮੀਰ ਸਿੰਘ, ਹੈਪੀ ਬਖਸ਼ੀ, ਹਰਜਿੰਦਰ ਭੰਗੂ, ਇਕਬਾਲ ਸਿੰਘ ਵੀ ਸ਼ਾਮਲ ਸਨ।