ਉਜਰਤਾਂ ਨਾ ਮਿਲਣ 'ਤੇ ਕੰਟਰੈਕਟ ਵਰਕਰਜ਼ ਵਲੋਂ ਰੋਸ ਮੁਜ਼ਾਹਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਜਰਤਾਂ ਨਾ ਮਿਲਣ 'ਤੇ ਕੰਟਰੈਕਟ ਵਰਕਰਜ਼ ਵਲੋਂ ਰੋਸ ਮੁਜ਼ਾਹਰਾ

ਪਿੰਡ ਹਮਾਂਯੂਪੁਰ ਵਿਖੇ ਪੰਜਾਬ ਸਰਕਾਰ ਤੇ ਜਲ ਸਪਲਾਈ ਮੈਨੇਜਮੈਂਟ ਦਾ ਪੁੱਤਲਾ ਸਾੜਦੇ ਹੋਏ ਜਥੇਬੰਦੀ ਆਗੂ।

ਲਾਲੜੂ, 20 ਮਈ (ਰਵਿੰਦਰ ਵੈਸਨਵ) : ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਰਕਰਜ਼ ਯੂਨੀਅਨ ਸਬ ਡਵੀਜਨ ਡੇਰਾਬੱਸੀ ਨੇ  ਸੀਨੀਅਰ ਮੀਤ ਪ੍ਰਧਾਨ ਪੰਜਾਬ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਤਸਿੰਬਲੀ ਵਿਖੇ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਤੇ ਜਲ ਸਪਲਾਈ ਵਿਭਾਗ ਦੀ ਮੈਨੇਜਮੈਂਟ ਦਾ ਪੁਤਲਾ ਫੂਕਿਆ, ਜਿਸ ਦੌਰਾਨ ਵਰਕਰਜ਼ ਨੇ ਸਮਾਜਿਕ ਦੂਰੀ ਬਣਾਉਂਦਿਆਂ ਕੰਟਰੈਕਟ ਵਰਕਰਜ਼ ਨੂੰ ਰੈਗੂਲਕਰ ਕਰਨ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ।

ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸੁਰੇਸ਼ ਕੁਮਾਰ, ਸਬ ਡਵਿਜਨ ਪ੍ਰਧਾਨ ਦਰਸ਼ਨ ਸਿੰਘ, ਕੁਲਦੀਪ ਸਿੰਘ, ਹੁਕਮ ਸਿੰਘ, ਅਮਰਜੀਤ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਚਲਦਿਆਂ ਜਲ ਸਪਲਾਈ ਦੇ ਕੰਟਰੈਕਟ ਕਾਮੇ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਲੋਕਾਂ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਮੁਹੱਇਆ ਕਰਵਾ ਰਹੇ ਹਨ।

ਪਰ ਕਾਮਿਆਂ ਵਿਰੁੱਧ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਮਾਰੂ ਨੀਤੀਆਂ ਘੜ ਕੇ ਉਨ੍ਹਾਂ ਨੂੰ ਉਜਰਤਾਂ ਦੇਣ ਤੋਂ ਵੀ ਪਾਸਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਕੰਟਰੈਕਟ ਵਰਕਰਜ਼ ਨੂੰ ਵਿਭਾਗ ਵਿੱਚ ਪੱਕਾ ਕਰਨ, ਪਹਿਲਾਂ ਬਣੀ ਪ੍ਰਪੋਜਲ ਨੂੰ ਲਾਗੂ ਕਰਨ , ਹਫਤਾ ਵਾਰੀ ਛੁੱਟੀ ਦੇਣ ਆਦਿ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।

50 ਲੱਖ ਰੁਪਏ ਦਾ ਵਰਕਰ ਦਾ ਬੀਮਾਂ ਅਤੇ ਪਰਿਵਾਰ ਨੂੰ ਮੁਫਤ ਇਲਾਜ ਦੀ ਸਹੂਲਤ ਦੇਣ, ਜੇਕਰ ਵਰਕਰ ਦੀ ਕੋਰੋਨਾ ਮਹਾਮਾਰੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਿਆ ਅਤੇ ਇੱਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਈਪੀਐਫ ਤੇ ਈਐਸਆਈ ਲਾਗੂ ਕਰਨ ਅਤੇ ਲੇਬਰ ਕਾਨੂੰਨ ਵਿੱਚ ਬਦਲਾਅ ਨਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ ਹੋਰ ਤੇਜ ਕਰਨਗੇ।