ਦਿੱਲੀ ਕਮੇਟੀ ਵਲੋਂ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਕੁੱਝ ਲੋਕਾਂ ਨੂੰ ਨਹੀਂ ਹੋਈ ਹਜ਼ਮ: ਕਾਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਕਮੇਟੀ ਵਲੋਂ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਕੁੱਝ ਲੋਕਾਂ ਨੂੰ ਨਹੀਂ ਹੋਈ ਹਜ਼ਮ: ਕਾਲਕਾ

ਹਰਮੀਤ ਸਿੰਘ ਕਾਲਕਾ, ਜਥੇ. ਅਵਤਾਰ ਸਿੰਘ ਹਿੱਤ, ਬੀਬੀ ਰਣਜੀਤ ਕੌਰ, ਹਰਵਿੰਦਰ ਸਿੰਘ ਕੇ.ਪੀ., ਅਮਰਜੀਤ ਸਿੰਘ ਪੱਪੂ ਤੇ ਹੋਰ ਇਕ ਪ੍ਰੈਸ ਕਾਨਫ਼ਰੰਸ ਦੌਰਾਨ।

ਨਵੀਂ ਦਿੱਲੀ, 20 ਮਈ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਬੀਤੇ ਦੋ ਮਹੀਨੇ ਤੋਂ ਜੋ ਮਾਨਵਤਾ ਦੀ ਸੇਵਾ ਕਰ ਰਹੀ ਹੈ ਉਹ ਸ਼ਾਇਦ ਕਈ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ।

ਇਹ ਵਿਚਾਰ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅੱਜ ਇਥੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦਿਆਂ ਕਹੇ। ਸ. ਕਾਲਕਾ ਨੇ ਕਿਹਾ ਕਿ ਅੱਜ ਪੂਰੇ ਸੰਸਾਰ ਵਿਚ ਕਮੇਟੀ ਦੇ ਕੀਤੇ ਕੰਮਾਂ ਦੀ ਪ੍ਰਸ਼ੰਸਾ ਸਿੱਖ ਹੀ ਨਹੀਂ ਸਗੋਂ ਸਿੱਖ ਜਗਤ ਤੇ ਸਰਕਾਰਾਂ ਵੀ ਕਰ ਰਹੀਆਂ ਹਨ ਪਰ ਕੁਝ ਲੋਕ ਹਰ ਸਮੇਂ ਇਸੇ ਮੌਕੇ ਦੀ ਤਲਾਸ਼ 'ਚ ਰਹਿੰਦੇ ਹਨ ਕਿ ਕਿਸੇ ਕੋਈ ਗਲਤੀ ਹੋਵੇ ਤਾਂ ਉਸ ਨੂੰ ਵੱਧਾ ਚੜ੍ਹਾ ਕੇ ਸੰਗਤ ਸਾਹਮਣੇ ਪੇਸ਼ ਕਰਨ ਤੇ ਕਮੇਟੀ ਨੂੰ ਨੀਵਾਂ ਦਿਖਾਇਆ ਜਾ ਸਕੇ।

ਸ. ਕਾਲਕਾ ਨੇ ਕਿਹਾ ਕਿ ਅਜਿਹਾ ਹੀ ਕੁਝ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਉਸ ਬਿਆਨ ਤੋਂ ਬਾਅਦ ਹੋਇਆ ਜਦੋਂ ਉਨ੍ਹਾਂ ਨੇ ਧਾਰਮਕ ਅਸਥਾਨਾਂ ਜਿਨ੍ਹਾਂ ਕੋਲ ਸੋਨੇ ਦੇ ਭੰਡਾਰ ਭਰੇ ਹੋਏ ਹਨ, ਨੂੰ ਮਾਨਵਤਾ ਦੀ ਸੇਵਾ ਲਈ ਅੱਗੇ ਆਉਣ ਲਈ ਕਿਹਾ ਸੀ ਪਰ ਉਨ੍ਹਾਂ ਦੀ ਵੀਡੀਓ ਨਾਲ ਛੇੜਛਾੜ ਕਰ ਕੇ ਗੱਲ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ ਜਿਸ ਦੀ ਸ਼ਿਕਾਇਤ ਵੀ ਸ. ਸਿਰਸਾ ਨੇ ਨਾਰਥ ਏਵੇਨਊ ਥਾਣਾ ਵਿਖੇ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਬਾਵਜੂਦ ਇਸ ਦੇ ਸ. ਸਿਰਸਾ ਨੇ ਸੰਗਤ ਤੇ ਉਨ੍ਹਾਂ ਸੰਸਥਾਵਾਂ ਤੋਂ ਮੁਆਫ਼ੀ ਮੰਗੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਬਿਆਨ ਨਾਲ ਠੇਸ ਪਹੁੰਚੀ ਹੈ। ਸ. ਕਾਲਕਾ ਤੇ ਸਮੂਹ ਮੈਂਬਰਾਂ ਦਾ ਮੰਨਣਾ ਹੈ ਕਿ ਮੁਸ਼ਕਿਲ ਦੀ ਇਸ ਘੜੀ ਵਿਚ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਦੇ ਬਜਾਏ ਸਾਰਿਆਂ ਨੂੰ ਦਿੱਲੀ ਕਮੇਟੀ ਦੇ ਨਾਲ ਮਿਲ ਕੇ ਮਾਨਵ ਸੇਵਾ ਦੇ ਕਾਰਜਾਂ 'ਚ ਸਹਿਯੋਗ ਕਰਨਾ ਚਾਹੀਦਾ ਹੈ।