ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਲੇਬਰ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿਤੀ ਜਾਵੇਗੀ : ਆਸ਼ੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਪਜੇ ਸੰਕਟ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਚੁੱਕੇ ਕਦਮਾਂ ਅਤੇ ਸਾਰੀਆਂ ਧਿਰਾਂ ਦੇ

File Photo

ਬਰਨਾਲਾ, 20 ਮਈ  (ਗਰੇਵਾਲ) :  ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਪਜੇ ਸੰਕਟ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਚੁੱਕੇ ਕਦਮਾਂ ਅਤੇ ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਕਣਕ ਦੀ ਖਰੀਦ ਪ੍ਰਕਿਰਿਆ ਪੂਰੇ ਸੁਚੱਜੇ ਤਰੀਕੇ ਨਾਲ ਅਤੇ ਲੋੜੀਂਦੇ ਅਹਿਤਿਆਤਾਂ ਅਨੁਸਾਰ ਸਿਰੇ ਚੜ੍ਹੀ ਹੈ, ਜੋ ਬਹੁਤ ਤਸੱਲੀ ਦੀ ਗੱਲ ਹੈ।
19 ਮਈ ਤਕ ਪੰਜਾਬ ਦੀਆਂ ਮੰਡੀਆਂ ਵਿਚ 124.64 ਲੱਖ ਟਨ ਕÎਣਕ ਆਈ ਤੇ 124.58 ਲੱਖ ਟਨ ਖਰੀਦੀ ਗਈ। ਕਣਕ ਦੀ ਖਰੀਦ ਦੇ ਨਾਲ ਨਾਲ ਚੁਕਾਈ ਦਾ ਕੰਮ ਵੀ ਪਿਛਲੇ ਸਾਲ ਨਾਲੋਂ ਬਿਹਤਰ ਰਿਹਾ।

ਇਹ ਪ੍ਰਗਟਾਵਾ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵਲੋਂ ਅੱਜ ਟਰਾਈਡੈਂਟ ਫੈਕਟਰੀ ਸੰਘੇੜਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ, ਆੜ੍ਹਤੀ ਐਸੋਸੀਏਸ਼ਨ, ਡਿਪੂ ਹੋਲਡਰਾਂ, ਰਾਈਸ ਸ਼ੈਲਰ, ਕਿਸਾਨ ਯੂਨੀਅਨਾਂ ਤੇ ਹੋਰ ਸਬੰਧਾਂ ਧਿਰਾਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਪੁਖ਼ਤਾ ਤਰੀਕੇ ਨਾਲ ਸਿਰੇ ਚੜ੍ਹਾਉਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।  

ਇਸ ਮੌਕੇ ਵੱਖ-ਵੱਖ ਧਿਰਾਂ ਨਾਲ ਮੀਟਿੰਗ ਦੌਰਾਨ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਇਸ ਸੀਜ਼ਨ ਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਜੋ ਇਸ ਵਾਰ ਜੇ ਕੋਈ ਔਕੜ ਪੇਸ਼ ਆਈ ਹੈ ਤਾਂ ਉਹ ਮੁੜ ਨਾ ਆਉਣ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਸੰਕਟ ਦੇ ਬਾਵਜੂਦ ਸੂਬੇ ਵਿਚ ਕਣਕ ਦੀ ਰਿਕਾਰਡ ਖਰੀਦ ਹੋਈ ਹੈ, ਜੋ ਬਹੁਤ ਤਸੱਲੀ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਸਹੂਲਤ ਲਈ ਇਸ ਵਾਰ ਝੋਨੇ ਦੀ ਲਵਾਈ ਦੀ ਤਰੀਕ ਅਗੇਤੀ ਰੱਖੀ ਗਈ ਹੈ।

ਝੋਨਾ ਲਾਉਣ ਸਬੰਧੀ ਪਰਵਾਸੀ ਮਜ਼ਦੂਰਾਂ ਦੀ ਆਮਦ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਇਸ ਸਬੰਧੀ ਕਿਸਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਬਣਾਉਣ। ਜਿਹੜੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਲੋੜ ਹੈ, ਉਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿਤੇ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰੰਘ ਫੂਲਕਾ, ਐਸਐਸਪੀ ਸ੍ਰੀ ਸੰਦੀਪ ਗੋਇਲ, ਮਾਰਕੀਟ ਕਮੇਟੀ ਬਰਨਾਲਾ ਚੇਅਰਮੈਨ ਅਸ਼ੋਕ ਕੁਮਾਰ ਮਿੱਤਲ, ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਹੋਰ ਵੱਖ ਵੱਖ ਧਿਰਾਂ ਦੇ ਨੁਮਾਇੰਦੇ ਹਾਜ਼ਰ ਸਨ।