ਜਮਾਲਪੁਰ ਵਿਚ ਭਰੂਣ ਲਿੰਗ ਜਾਂਚ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀ.ਸੀ. ਪੀ.ਐਨ.ਡੀ.ਟੀ. ਸਬੰਧੀ ਚਲਾਈ ਜਾ ਰਹੀ ਮੁਹਿੰਮ ਵਿਚ ਸਿਹਤ ਵਿਭਾਗ ਲੁਧਿਆਣਾ ਅਤੇ ਗੁਰਦਾਸਪੁਰ ਵਲੋਂ

File Photo

ਲੁਧਿਆਣਾ, 20 ਮਈ (ਰਾਣਾ ਮੱਲ ਤੇਜੀ): ਪੀ.ਸੀ. ਪੀ.ਐਨ.ਡੀ.ਟੀ. ਸਬੰਧੀ ਚਲਾਈ ਜਾ ਰਹੀ ਮੁਹਿੰਮ ਵਿਚ ਸਿਹਤ ਵਿਭਾਗ ਲੁਧਿਆਣਾ ਅਤੇ ਗੁਰਦਾਸਪੁਰ ਵਲੋਂ ਸਾਂਝੇ ਅਭਿਆਨ ਤਹਿਤ ਸਥਾਨਕ ਜਮਾਲਪੁਰ ਵਿਖੇ ਅਣਅਧਿਕਾਰਤ ਤੌਰ 'ਤੇ ਚੱਲ ਰਹੇ ਸਕੈਨ ਸੈਂਟਰ ਦਾ ਪਰਦਾਫ਼ਾਸ਼ ਕਰਦੇ ਹੋਏ ਭਰੂਣ ਲਿੰਗ ਜਾਂਚ ਕਰਨ ਲਈ ਵਰਤੀ ਜਾ ਰਹੀ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਬਰਾਮਦ ਕੀਤੀ ਹੈ। ਇਸ ਮਸ਼ੀਨ ਨੂੰ ਡਾ. ਰਕੇਸ਼ ਕੁਮਾਰ ਸ਼ਰਮਾ ਉਰਫ਼ ਰਾਕੇਸ਼ ਕੁਮਾਰ ਤਿਆਗੀ (ਬੀ.ਏ.ਐਮ.ਐਸ. ਪਟਨਾ) ਚਲਾ ਰਿਹਾ ਸੀ।

ਵਿਭਾਗ ਵਲੋਂ ਮੌਕੇ 'ਤੇ 15 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ, ਜੋ ਮਰੀਜ਼ ਵਲੋਂ ਸਬੰਧਤ ਡਾਕਟਰ ਨੂੰ ਦਿਤੀ ਗਈ ਸੀ। ਥਾਣਾ ਜਮਾਲਪੁਰ ਦੀ ਪੁਲਿਸ ਵਲੋਂ ਡਾਕਟਰ ਨੂੰ ਹਿਰਾਸਤ ਵਿਚ ਲੈ ਕੇ ਐਫ.ਆਈ.ਆਰ. ਸਬੰਧੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਰਜੇਸ਼ ਕੁਮਾਰ ਬੱਗਾ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਵੱਲੋ ਦਸਿਆ ਗਿਆ ਕਿ ਸਬੰਧਤ ਡਾਕਟਰ ਵਲੋਂ ਇਸ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਨੂੰ ਕਿਤੇ ਵੀ ਰਜਿਸਟਰਡ ਨਹੀਂ ਕਰਵਾਇਆ ਗਿਆ ਸੀ

ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦਸਿਆ ਕਿ ਸਿਵਲ ਸਰਜਨ ਗੁਰਦਾਸਪੁਰ ਵਲੋ ਇਕ ਮਿਲੀ ਸੂਚਨਾ ਦੇ ਅਧਾਰ 'ਤੇ ਇੱਕ ਮਰੀਜ਼ ਤਿਆਰ ਕੀਤਾ ਗਿਆ ਸੀ। ਇਸ ਮਰੀਜ਼ ਵਲੋ ਲਿੰਗ ਜਾਂਚ ਕਰਵਾਉਣ ਸਬੰਧੀ ਗੁਰਦਾਸਪੁਰ ਵਿਖੇ ਇਕ ਲੇਡੀ ਏਜੰਟ ਨਾਲ ਰਾਬਤਾ ਕਾਇਮ ਕੀਤਾ ਗਿਆ। ਏਜੰਟ ਵਲੋਂ ਲਿੰਗ ਜਾਂਚ ਕਰਵਾਉਣ ਦੀ ਇਵਜ਼ ਦੇ ਵਿਚ 15 ਹਜ਼ਾਰ ਰੁਪਏ ਦੀ ਰਾਸ਼ੀ ਦੀ ਮੰਗ ਕੀਤੀ ਗਈ ਸੀ।

ਏਜੰਟ ਵਲੋਂ ਪਹਿਲਾ ਕਿਹਾ ਗਿਆ ਕਿ ਲਿੰਗ ਦੀ ਜਾਂਚ ਮੁਕੇਰੀਆਂ ਵਿਚ ਕੀਤੀ ਜਾਵੇਗੀ ਅਤੇ ਬਾਅਦ ਵਿਚ ਕਿਹਾ ਕਿ ਇਹ ਜਾਂਚ ਲੁਧਿਆਣਾ ਵਿਖੇ ਹੋਵੇਗੀ। ਉਨ੍ਹਾਂ ਦਸਿਆ ਕਿ ਅੱਜ ਸੌਦੇ ਦੇ ਮੁਤਾਬਕ ਲਿੰਗ ਜਾਂਚ ਕਰਵਾਉਣ ਲਈ ਉਨ੍ਹਾਂ ਵਲੋਂ 15 ਹਜ਼ਾਰ ਦੀ ਰਕਮ ਏਜੰਟ ਨੂੰ ਦੇ ਦਿਤੀ ਗਈ ਅਤੇ ਨੋਟਾਂ ਦੇ ਨੰਬਰ ਨੋਟ ਕਰ ਲਏ ਗਏ। ਇਸ ਤੋਂ ਬਾਅਦ ਮਰੀਜ਼ ਅਤੇ ਏਜੰਟ ਲੁਧਿਆਣਾ ਪਹੁੰਚੇ ਅਤੇ ਲੁਧਿਆਣਾ ਦੇ ਨਜ਼ਦੀਕ ਏਜੰਟ ਵਲੋਂ ਇਕ ਹੋਰ ਔਰਤ ਨੂੰ ਮਰੀਜ਼ ਦੀ ਗੱਡੀ ਵਿਚ ਬਿਠਾ ਦਿਤਾ ਗਿਆ।

ਇਸ ਤੋਂ ਬਾਅਦ ਇਹ ਏਜੰਟ ਦੇ ਦਸੇ ਪਤੇ 'ਤੇ ਜਮਾਲਪੁਰ ਵੀਰ ਪੈਲੇਸ ਦੇ ਨੇੜੇ ਸਥਿਤ ਸਾਂਈ ਕਲੀਨਿਕ 'ਤੇ ਪਹੁੰਚੇ। ਜਿਵੇਂ ਹੀ ਡਾਕਟਰ ਵਲੋਂ ਲਿੰਗ ਦੀ ਜਾਂਚ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਲੁਧਿਆਣਾ ਅਤੇ ਗੁਰਦਾਸਪੁਰ ਦੀਆਂ ਟੀਮਾਂ ਵਲੋਂ ਸਾਂਝੇ ਤੌਰ 'ਤੇ ਹਸਪਤਾਲ ਵਿਚ ਰੇਡ ਕਰ ਦਿਤੀ ਗਈ ਅਤੇ ਦਿਤੀ ਹੋਈ ਰਕਮ ਦੇ ਨੋਟ ਬਰਾਮਦ ਕਰ ਲਏ। ਸਬੰਧਤ ਡਾਕਟਰ ਅਲਟਰਾ ਸਾਊਂਡ ਸਕੈਨ ਸੈਂਟਰ ਦੀ ਰਜਿਸਟਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦਾ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਸਕੈਨ ਸਬੰਧੀ ਕੋਈ ਰਿਕਾਰਡ ਪੇਸ਼ ਕਰ ਸਕਿਆ।

ਟੀਮ ਵਲੋ ਮੌਕੇ 'ਤੇ ਹੀ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਮੌਕੇ 'ਤੇ ਪਹੁੰਚੀ ਥਾਣਾ ਜਮਾਲਪੁਰ ਦੀ ਪੁਲਿਸ ਨੇ ਡਾਕਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਸਿਵਲ ਸਰਜਨ ਵਲੋਂ ਦਸਿਆ ਗਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂ ਜੋ ਬੇਟੀਆਂ ਨੂੰ ਬਚਾਇਆ ਜਾ ਸਕੇ।