ਸ਼ਰਾਬ ਮਾਫ਼ੀਆ ਰਾਹੀਂ ਖਜ਼ਾਨੇ ਦੀ ਹੋਈ ਲੁੱਟ ਦਾ ਸੱਚ ਸਾਹਮਣੇ ਲਿਆਉਣ ਲਈ HC ਦੇ ਸਿਟਿੰਗ ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਸ.ਪਰਮਿੰਦਰ ਸਿੰਘ

File Photo

ਮਲੇਰਕੋਟਲਾ, 20 ਮਈ (ਮੁਹੰਮਦ ਇਸਮਾਈਲ ਏਸ਼ੀਆ) : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਸ.ਪਰਮਿੰਦਰ ਸਿੰਘ ਢੀਂਡਸਾ ਨੇ ਕੈਪਟਨ ਸਰਕਾਰ ਦੇ ਲੰਘੇ ਢਾਈ ਵਰ੍ਹਿਆਂ ਦੌਰਾਨ ਸ਼ਰਾਬ ਮਾਫੀਆ ਰਾਹੀਂ ਪੰਜਾਬ ਦੇ ਖਜ਼ਾਨੇ ਦੀ ਅੰਨ੍ਹੀ ਲੁੱਟ ਕਰਨ ਦਾ ਦੋਸ਼ ਲਾਉਂਦਿਆਂ ਅੱਜ ਇਥੇ ਮੰਗ ਕੀਤੀ ਕਿ ਪੰਜਾਬ ਦੇ ਹੁਕਮਰਾਨ ਸਿਆਸਤਦਾਨਾਂ ਅਤੇ ਅਫ਼ਸਰਸਾਹੀ ਵੱਲੋਂ ਇੱਕ ਦੂਜੇ ਉਪਰ ਸ਼ਰਾਬ ਮਾਫੀਆ ਨਾਲ ਮਿਲ ਕੇ ਰਾਜ ਦੇ ਖਜ਼ਾਨੇ ਨੂੰ ਲੁੱਟਣ ਦੇ ਲਾਏ ਜਾ ਰਹੇ ਗੰਭੀਰ ਦੋਸ਼ਾਂ ਦੀ ਜਾਂਚ ਲਈ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਪੜਤਾਰ ਕਰਵਾਈ ਜਾਵੇ ਤਾਂ ਜੋ ਦਿਨੋ ਦਿਨ ਕਰਜ਼ੇ ਦੇ ਬੋਝ ਹੇਠ ਦਬਦੇ ਜਾ ਰਹੇ ਪੰਜਾਬ ਦੇ ਲੋਕਾਂ ਨੂੰ ਮਿਹਣੋ-ਮਿਹਣੀ ਹੋ ਰਹੇ ਹੁਕਮਰਾਨਾਂ ਤੇ ਅਫ਼ਸਰਾਂ ਦੇ ਸੱਚ ਦਾ ਪਤਾ ਲੱਗ ਸਕੇ।

ਸ੍ਰੀ ਢੀਂਡਸਾ ਸਥਾਨਕ ਸਿਵਲ ਹਸਪਤਾਲ ਦੇ ਬਾਦ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਅ ਲਈ ਆਪਣੀ ਬੇਟੀ ਅਮਾਨਤ ਕੌਰ ਦੇ ਨਾਂ 'ਤੇ ਬਣਾਈ ਸਮਾਜ ਸੇਵੀ ਸੰਸਥਾ “ਅਮਾਨਤ ਫਾਊਂਡੇਸ਼ਨ”  ਵੱਲੋਂ ਇਥੇ ਸੈਨੇਟਾਈਜਰ, ਮਾਸਕ ਸਮੇਤ ਵਿਟਾਮਿਨ ਸੀ ਦੀਆਂ ਗੋਲੀਆਂ ਸਥਾਨਕ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਸਾਹਿਬ ਅਤੇ ਸ੍ਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਉਨਾਂ ਦੀਆ ਪ੍ਰਬੰਧਕ ਕਮੇਟੀਆਂ ਨੂੰ ਸੰਗਤਾਂ ਲਈ ਭੇਟ ਕਰਨ ਲਈ ਪਹੁੰਚੇ ਸਨ । ਇਸ ਮੌਕੇ ਸਾਬਕਾ ਵਿੱਤ ਮੰਤਰੀ ਨੂੰ ਦੋਵੇਂ ਗੁਰਦੁਆਰਿਆਂ ਵਿਖੇ ਸਿਰੋਪਾਓ ਤੇ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਵਿੱਤ ਨੇ ਪੰਜਾਬ ਸਰਕਾਰ ਦੇ ਵਜ਼ੀਰਾਂ ਅਤੇ ਅਫ਼ਸਰਾਂ ਦਰਮਿਆਨ ਛਿੜੀ ਤੋਹਮਤਬਾਜੀ ਨੂੰ ਪੰਜਾਬ ਲਈ ਬੇਹੱਦ ਘਾਤਕ ਦਸਦਿਆਂ ਕਿਹਾ ਕਿ ਅੱਜ ਕੋਵਿਡ-19 ਦੀ ਮਹਾਂਮਾਰੀ ਦੌਰਾਨ ਲੱਗੀਆਂ ਪਾਬੰਦੀਆਂ ਕਾਰਨ ਜਦੋਂ ਪੰਜਾਬ ਦੇ ਲੋਕ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਬੁਰੀ ਤਰ੍ਹਾਂ ਚਿੰਤਤ ਹਨ ਤਾਂ ਸ਼ਰਾਬ ਮਾਫੀਆ ਨਾਲ ਮਿਲਕੇ ਲੀਡਰਾਂ ਤੇ ਅਫ਼ਸਰਾਂ ਵੱਲੋਂ ਰਾਜ ਦਾ ਖਜ਼ਾਨਾ ਬੇਕਿਰਕੀ ਲੁੱਟਣ ਦੇ ਇੱਕ ਦੂਜੇ ਉਪਰ ਲੱਗੇ ਇਲਜ਼ਾਮਾਂ ਵਿਚ ਕੌਣ ਸੱਚਾ ਕੌਣ ਝੂਠਾ ਹੈ ਦੀ ਹਕੀਕਤ ਰਾਜ ਦੇ  ਅਵਾਮ ਨੂੰ ਪਤਾ ਲਗਣੀ ਚਾਹੀਦੀ ਹੈ।

ਦੇਸ਼ ਭਰ 'ਚੋਂ ਮਜਦੂਰਾਂ ਦੀ ਹੋ ਰਹੀ ਹਿਜ਼ਰਤ  ਅਤੇ  ਹਜਾਰਾਂ ਮੀਲ ਪੈਦਲ ਚੱਲ ਰਹੇ ਭੁੱਖਣਭਾਣੇ ਮਜਦੂਰਾਂ ਦੀ ਦਸ਼ਾ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ  ਇਨ੍ਹਾਂ ਮਜਦੂਰਾਂ ਦੀ ਘਰ ਵਾਪਸੀ ਲਈ ਟ੍ਰਾਂਸਪੋਰਟ, ਖਾਣੇ ਅਤੇ ਇਲਾਜ ਆਦਿ ਦੀ ਵਿਵਸਥਾ ਕਰਨਾ ਕੇਂਦਰ ਤੇ ਸੂਬਾ ਸਰਕਾਰਾਂ ਦੀ  ਪਹਿਲੀ ਜਿੰਮੇਵਾਰੀ ਬਣਦੀ ਸੀ ਜੋ ਉਨ੍ਹਾਂ ਨੇ ਨਹੀਂ ਨਿਭਾਈ।  ਉਨ੍ਹਾਂ ਦੋ ਮਹੀਨੇ ਦੇ ਲੌਕ ਡਾਊਨ ਦੌਰਾਨ ਦੇਸ਼ ਭਰ ਅੰਦਰ ਸਿੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਸੇਵਾਦਾਰਾਂ ਵੱਲੋਂ ਲੰਗਰ ਆਦਿ ਦੀ ਨਿਭਾਈਆਂ ਜਿੰਮੇਵਾਰੀਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਗੁਰੂ ਘਰਾਂ ਅੰਦਰ ਲੰਗਰਾਂ ਦੀਆਂ ਸੇਵਾਵਾਂ ਨੇ ਵਿਸ਼ਵ ਭਰ ਅੰਦਰ ਸਿੱਖਾਂ ਦੇ ਪਛਾਣ ਤੇ ਮਾਣ ਸਨਮਾਨ ਨੂੰ ਉੱਚਾ ਕੀਤਾ ਹੈ।

ਇਸ ਮੌਕੇ ਸਾਬਕਾ ਚੇਅਰਮੈਨ ਹਾਜੀ ਮੁਹੰਮਦ ਤੁਫੈਲ ਮਲਿਕ ਨੇ ਢੀਡਸਾ ਪਰਿਵਾਰ ਵੱਲੋ ਹਮੇਸ਼ਾ ਜਿਲਾ ਸੰਗਰੂਰ ਦੇ ਲੋਕਾਂ ਲਈ ਕੀਤੀ ਜਾ ਰਹੀ ਸੇਵਾ ਦੀ ਸਲਾਘਾ ਕਰਦਿਆਂ ਕਿ ਕਿ ਢੀਡਸਾ ਪਰਿਵਾਰ ਹਮੇਸ਼ਾ ਹੀ ਲੋਕ ਸੇਵਾ ਲਈ ਤਤਪਰ ਰਹਿੰਦਾ ਹੈ ਤੇ ਹੁਣ ਅਮਾਨਤ ਫਾਊਡੇਸ਼ਨ ਵੱਲੋ ਕੀਤੇ ਜਾ ਰਹੇ ਜ਼ਿਲੇ ਭਰ 'ਚ ਕਾਰਜ ਉਸੇ ਦਾ ਹਿੱਸਾ ਹਨ।

ਇਸ ਮੌਕੇ ਤੇ ਸੀਨਆਰ ਆਗੂ ਹਾਜੀ ਮੁਹੰਮਦ ਤੁਫੈਲ ਮਲਿਕ, ਸ੍ਰੋਮਣੀ ਗੁਰਦੁਆਰਾਂ ਪ੍ਰਬੰਧਕ ਕਮੇਟੀ ਮੈਬਰ ਜਥੇਦਾਰ ਜੈਪਾਲ ਮੰਡੀਆ, ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ,ਸਾਬਕਾ ਟਰੱਕ ਯੂਨੀਅਨ ਪ੍ਰਧਾਨ ਜੈਲਦਾਰ ਸੁਖਜੀਵਨ ਸਿੰਘ ਸਰੌਦ, ਟਕਸ਼ਾਲੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਗੁਰਜੀਵਨ ਸਿੰਘ ਸਰੌਦ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕਮਲਜੀਤ ਸਿੰਘ ਹਥਨ, ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ, ਗੁਰਦੁਆਰਾਂ ਸਹਿਬ ਦੇ ਪ੍ਰਧਾਨ ਭਾਈ ਬਹਾਦਰ ਸਿੰਘ, ਹੈੱਡ ਗਰੰਥੀ ਭਾਈ ਨਰਿੰਦਰਪਾਲ ਸਿੰਘ, ਹੈੱਡ ਗਰੰਥੀ ਭਾਈ ਅਵਤਾਰ ਸਿੰਘ ਬਧੇਸਾ, ਠੇਕੇਦਾਰ ਨਰੇਸ਼ ਕੁਮਾਰ ਨਾਰੀਕੇ, ਨਸ਼ੀਰ ਭੱਟੀ ਅਤੇ ਸੋਮਾ ਖਾਂ ਤੱਖਰ ਆਦਿ ਅਕਾਲੀ ਆਗੂ ਵੀ ਹਾਜ਼ਰ  ਸਨ।