ਬਾਦਲਾਂ ਵਿਰੁਧ ਹਮਖ਼ਿਆਲੀਆਂ ਦੇ ਸਾਂਝੇ ਮੰਚ ਦੀ ਲੋੜ : ਰਵੀਇੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਇਕ ਪ੍ਰਵਾਰ ਨੇ ਕੌਮ ਨੂੰ ਨੇਸਤੋਨਾਬੂਤ ਕੀਤਾ

1

ਚੰਡੀਗੜ੍ਹ 21 ਮਈ (ਗੁਰਉਪਦੇਸ਼ ਭੁੱਲਰ): ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਗੁਰੂ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ , ਇਕ ਮੰਚ ਤੇ ਇਕੱਠੇ ਹੋਣ ਲਈ ਹਮ-ਖਿਆਲੀ ਸੰਗਠਨਾਂ ਨੂੰ ਜ਼ੋਰ ਦਿਦਿਆਂ ਕਿਹਾ ਕਿ ਇਕ ਪਰਵਾਰ ਨੇ ਸਿੱਖ ਕੌਮ ਨੂੰ ਨੇਸਤੋਨਾਬੂਦ ਕਰ ਦਿਤਾ ਹੈ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਰੁਧ ਛਪੀਆਂ ਖ਼ਬਰਾਂ ਦੇ ਹਵਾਲੇ ਨਾਲ ਕਿਹਾ ਕਿ ਉਹ ਵਿਅਕਤੀ ਸਿੱਖ ਵਿਰੋਧੀ ਤਾਕਤਾਂ ਦੀ ਬੋਲੀ ਬੋਲ ਰਿਹਾ ਹੈ, ਜਿਸ ਦੀ ਪਿੱਠ ਬਾਦਲ ਥਾਪੜ ਰਹੇ ਹਨ। ਰਵੀਇੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਿਆਨ ਸਿੱਖ ਮੱਸਲਿਆਂ ਤੇ ਦੇਸ਼-ਵਿਦੇਸ਼ ਦੀ ਸਿਆਸਤ ਵਿਚ ਅਹਿਮੀਅਤ ਰਖਦਾ ਸੀ ਪਰ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ।

ਬਾਦਲਾਂ 'ਤੇ ਤਿੱਖੇ ਹਮਲੇ ਕਰਦਿਆਂ ਰਵੀਇੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੇ ਸਿੱਖ ਸੰਸਥਾਵਾਂ ਨੂੰ ਅਪਣੀ ਜਾਗੀਰ ਬਣਾਉਂਦੇ ਹੋਏ ਨਿਜੀ ਹਿਤਾਂ ਲਈ ਵਰਤਿਆ ਹੈ, ਜਿਸ ਕਾਰਨ ਸਿੱਖ ਨੈਤਿਕ ਕਦਰਾਂ ਕੀਮਤਾਂ ਦੀ ਪਹਿਲਾਂ ਵਰਗੀ ਕਦਰ ਨਹੀਂ ਰਹੀ। ਰਵੀਇੰਦਰ ਸਿੰਘ ਮੁਤਾਬਕ ਬਾਦਲ ਨਾ ਤਾਂ ਸਿਆਸਤਦਾਨ ਤੇ ਨਾ ਹੀ ਰਾਜਨੀਤੀਵਾਨ ਹਨ, ਉਹ ਤਾਂ ਸਿਰੇ ਦੇ ਮੌਕੇ ਪ੍ਰਸਤ ਹਨ, ਜਿਨਾ ਮੁਕੱਦਸ ਧਾਰਮਿਕ ਅਸਥਾਨਾਂ ਤੇ ਸਿੱਖ ਸੱਸਥਾਵਾਂ ਨੂੰ ਸਿੱਖ ਹਿੱਤਾਂ ਦੀ ਥਾਂ ਖੁਦ ਸਤਾ ਹਾਸਲ ਕਰਨ ਲਈ ਵਰਤਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਚੋਟੀ ਦੇ ਅਧਿਕਾਰੀਆਂ ਨੂੰ ਸਿਆਸੀ ਹਿੱਤਾਂ ਲਈ ਵਰਤਦਿਆਂ ਸਤਾ ਦੇ ਜ਼ੋਰ ਨਾਲ ਸਿੱਖ ਲੀਡਰਸ਼ਿਪ ਖੇਰੂੰ-ਖੇਰੂੰ ਕਰ ਕੇ, ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਕਰਨ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਤੇ ਕੰਟਰੋਲ ਕਰਦੇ ਹੋਏ ਮਨਮਰਜ਼ੀ ਜੇ ਪ੍ਰ੍ਰਧਾਨ ਤੇ ਜਥੇਦਾਰ ਨਿਯੁਕਤ ਕਰ ਕੇ, ਅਪਣੇ ਨਿੱਜੀ ਸਿਆਸੀ ਮੁਫ਼ਾਦ ਲਈ ਫ਼ੈਸਲੇ ਕਰਵਾਏ, ਜਿਸ ਦੀ ਮਿਸਾਲ ਸੌਦਾ ਸਾਧ ਹੈ।