ਨਾਰਾਜ਼ਗੀਆਂ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਲੰਚ ਡਿਪਲੋਮੇਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀ ਰੰਧਾਵਾ, ਵਿਧਾਇਕ ਰਾਜਾ ਵੜਿੰਗ ਅਤੇ ਹੋਰ ਮੈਂਬਰ ਮੁੱਖ ਸਕੱਤਰ ਨੂੰ ਹਟਾਉਣ ਦੀ ਮੰਗ 'ਤੇ ਕਾਇਮ

File Photo

ਚੰਡੀਗੜ੍ਹ, 20 ਮਈ (ਗੁਰਉਪਦੇਸ਼ ਭੁੱਲਰ): ਪ੍ਰੀ-ਕੈਬਨਿਟ ਮੀਟਿੰਗ 'ਚ ਆਬਕਾਰੀ ਨੀਤੀ ਨੂੰ ਲੈ ਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਮੰਤਰੀਆਂ ਦੇ ਹੋਏ ਵਿਵਾਦ ਅਤੇ ਉਸ ਤੋਂ ਬਾਅਦ ਮੰਡੀ ਮੰਡਲ ਦੀ ਮੀਟਿੰਗ 'ਚ ਮੁੱਖ ਸਕੱਤਰ ਵਿਰੁਧ ਕਾਰਵਾਈ ਲਈ ਅਪਣਾ ਰੋਸ ਦਰਜ ਕਰਵਾਉਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਅਤੇ ਵਿਧਾਇਕਾਂ 'ਚ ਪੈਦਾ ਹੋਈ ਨਾਰਾਜ਼ਗੀ ਦੂਰ ਕਰਨ ਲਈ ਅੱਜ ਯਤਨ ਸ਼ੁਰੂ ਕਰ ਦਿਤੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਵਿਧਾਇਕ ਰਾਜਾ ਵੜਿੰਗ, ਪਰਗਟ ਸਿੰਘ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਸਿਸਵਾਂ ਰਿਜ਼ੋਰਟ ਅਪਣੇ ਫ਼ਾਰਮ ਹਾਊਸ 'ਚ ਲੰਚ ਮੀਟਿੰਗ 'ਤੇ ਬੁਲਾ ਕੇ ਉਨ੍ਹਾਂ ਨਾਲ ਪੈਦਾ ਗਿਲੇ ਸ਼ਿਕਵਿਆਂ ਬਾਰੇ ਗੱਲਬਾਤ ਕੀਤੀ।

ਪਰ ਜ਼ਿਕਰਯੋਗ ਗੱਲ ਇਹ ਹੈ ਕਿ ਮੁੱਖ ਸਕੱਤਰ ਵਿਰੁਧ ਮੰਤਰੀ ਮੰਡਲ 'ਚ ਮਤਾ ਪਾਸ ਕਰਵਾਉਣ 'ਚ ਅਗਵਾਈ ਕਰਨ ਵਾਲੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਦੀ ਗ਼ੈਰ-ਹਾਜ਼ਰੀ ਦੀ ਸਿਆਸੀ ਹਲਕਿਆਂ 'ਚ ਚਰਚਾ ਹੈ। ਇਹ ਵੀ ਪਤਾ ਲਗਿਆ ਹੈ ਕਿ ਅਪਣੇ ਪਿਤਾ ਦੀ ਮੌਤ ਦੇ ਸੋਗ ਕਰ ਕੇ ਮਨਪ੍ਰੀਤ ਹਾਲੇ ਮੀਟਿੰਗ 'ਚ ਸ਼ਾਮਲ ਹੋਣ ਦੀ ਸਥਿਤੀ 'ਚ ਨਹੀਂ ਹਨ ਪਰ ਚੰਨੀ ਬਾਰੇ ਪਤਾ ਨਹੀਂ ਲੱਗਾ ਕਿ ਉਨ੍ਹਾਂ ਨੂੰ ਕਿਉਂ ਨਹੀਂ ਸਦਿਆ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਮੁੱਖ ਮੰਤਰੀ ਨਾਲ ਮੀਟਿੰਗ 'ਚ ਜ਼ਰੂਰ ਮੌਜੂਦ ਸਨ। ਇਹ ਵੀ ਜ਼ਿਕਰਯੋਗ ਗੱਲ ਹੈ ਕਿ ਮੁੱਖ ਸਕੱਤਰ ਵਿਰੁਧ ਕਾਰਵਾਈ ਦਾ ਸਮਰਥਨ ਕਰਨ ਵਾਲੇ ਵਿਧਾਇਕਾਂ ਦੀ ਗਿਣਤੀ ਇਕ ਦਰਜਨ ਤੋਂ ਵੱਧ ਸੀ ਪਰ ਇਨ੍ਹਾਂ 'ਚੋਂ ਵੀ ਜ਼ਿਆਦਾ ਨਹੀਂ ਸੱਦੇ ਗਏ ਪਰ ਬਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ ਅਤੇ ਦਰਸ਼ਨ ਬਰਾੜ ਜ਼ਰੂਰ ਚੰਡੀਗੜ੍ਹ 'ਚ ਅਪਣੀ ਵਖਰੀ ਮੀਟਿੰਗ ਕਰਦੇ ਰਹੇ।

ਮੁੱਖ ਮੰਤਰੀ ਨਾਲ ਮੰਤਰੀ ਰੰਧਾਵਾ ਅਤੇ ਕੁੱਝ ਵਿਧਾਇਕਾਂ ਦੀ ਹੋਈ ਮੀਟਿੰਗ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੇ ਅੱਜ ਵੀ ਮੁੱਖ ਸਕੱਤਰ ਨੂੰ ਹਟਾਏ ਜਾਣ ਦੇ ਅਪਣੇ ਸਟੈਂਡ 'ਤੇ ਕਾਇਮ ਰਹੇ ਅਤੇ ਮੁੱਖ ਸਕੱਤਰ ਵਿਰੁਧ ਜਾਂਚ ਦੀ ਮੰਗ ਵੀ ਚੁੱਕੀ ਹੈ। ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਰੰਧਾਵਾ, ਰਾਜਾ ਵੜਿੰਗ ਅਤੇ ਪ੍ਰਗਟ ਸਿੰਘ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਗੱਲ ਪੂਰੀ ਤਰ੍ਹਾਂ ਸੁਣੀ ਹੈ ਅਤੇ ਛੇਤੀ ਹੀ ਕਾਰਵਾਈ ਦਾ ਵੀ ਭਰੋਸਾ ਦਿਤਾ ਹੈ। ਜਦੋਂ ਰੰਧਾਵਾ ਤੋਂ ਪੁਛਿਆ ਗਿਆ ਕਿ ਕੀ ਤੁਸੀ ਅੱਜ ਵੀ ਮੁੱਖ ਸਕੱਤਰ ਨਾਲ ਮੰਤਰੀ ਮੰਡਲ ਮੀਟਿੰਗ 'ਚ ਬੈਠਣ ਦੇ ਫ਼ੈਸਲੇ 'ਤੇ ਕਾਇਮ ਹੋ ਤਾਂ ਉਨ੍ਹਾਂ ਕਿਹਾ ਕਿ ਮੀਟਿੰਗ ਤਾਂ ਆਉਣ ਦਿਉ, ਫਿਰ ਵੇਖਾਂਗੇ।

ਇਸ ਤੋਂ ਸਪੱਸ਼ਟ ਹੈ ਕਿ ਅਗਲੀ ਮੀਟਿੰਗ ਤਕ ਇਹ ਮੁੱਖ ਮੰਤਰੀ ਵਲੋਂ ਮਿਲੇ ਭਰੋਸੇ ਕਾਰਨ ਕਾਰਵਾਈ ਦੀ ਉਡੀਕ ਕਰ ਕੇ ਅਗਲਾ ਕਦਮ ਚੁੱਕਣਗੇ।
ਇਸ ਤਰ੍ਹਾਂ ਮੁੱਖ ਮੰਤਰੀ ਵਲੋਂ ਨਾਰਾਜ਼ਗੀ ਦੂਰ ਕਰਨ ਲਈ ਸੱਦੀ ਮੀਟਿੰਗ ਤੋਂ ਬਾਅਦ ਵੀ ਮਾਮਲਾ ਹਾਲੇ ਉਥੇ ਹੀ ਖੜਾ ਹੈ। ਮਨਪ੍ਰੀਤ ਸਿੰਘ ਬਾਦਲ ਅਤੇ ਚੰਨੀ ਦਾ ਰੁਖ ਵੀ ਹਾਲੇ ਵੇਖਣਾ ਹੋਵੇਗਾ ਕਿ ਉਹ ਕੀ ਕਰਦੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਹਰ ਰੋਜ਼ ਫੜੀ ਜਾ ਰਹੀ ਨਾਜਾਇਜ਼ ਸ਼ਰਾਬ ਅਤੇ ਫ਼ੈਕਟਰੀਆਂ ਫੜੇ ਜਾਣ ਤੋਂ ਸਪੱਸ਼ਟ ਹੈ ਕਿ ਆਬਕਾਰੀ ਨੂੰ ਘਾਟੇ ਦਾ ਇਕ ਇਹ ਵੀ ਕਾਰਨ ਹੈ ਜਿਸ ਲਈ ਮੁੱਖ ਸਕੱਤਰ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ, ਜਿਨ੍ਹਾਂ ਅਧੀਨ ਵਿਪਾਗ ਸੀ। ਇਸ ਲਈ ਜਾਂਚ ਤਾਂ ਜ਼ਰੂਰੀ ਹੈ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਤਾਂ ਅੱਜ ਵੀ ਇਹੋ ਕਹਿਣਾ ਹੈ ਕਿ ਸ਼ਰਾਬ ਮਾਫ਼ੀਆ ਨੂੰ ਖ਼ਤਮ ਕਰਨ ਲਈ ਸ਼ਰਾਬ ਨਿਗਮ ਬਣਾਉਣਾ ਹੀ ਅਸਲੀ ਹੱਲ ਹੈ।