ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਕਰਮਾ ਵਿਚ 23 ਮਈ ਨੂੰ ਲਗਾਏ ਜਾਣਗੇ ਬੂਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਲਗਾਏ ਬੂਟਿਆਂ 'ਚ ਕੀਤਾ ਵਾਧਾ

ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਗਮਲਿਆ ਅੰਦਰ ਅੰਬ ਦੇ ਬੂਟੇ ਲਗਾਉਣ ਸਮੇਂ ਡਾ. ਰੂਪ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਮੁਖਤਾਰ ਸਿੰਘ ਅਤੇ ਹੋਰ।

ਅੰਮ੍ਰਿਤਸਰ, 21 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਕਰਮਾ ਵਿਚ 23 ਮਈ ਨੂੰ ਵੱਡ-ਅਕਾਰੀ ਬੂਟੇ ਲਗਾਏ ਜਾਣਗੇ।  ਇਸ ਕਾਰਜ ਦੀ ਜ਼ਿੰਮੇਵਾਰੀ ਵਾਤਾਵਰਨ ਪ੍ਰੇਮੀ ਪ੍ਰਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਦਿਤੀ ਗਈ ਹੈ। ਬੂਟੇ ਲਗਾਉਣ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਰਨਗੇ, ਜਦਕਿ ਇਸ ਮੌਕੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਰਹਿਣਗੀਆਂ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦਸਿਆ ਕਿ ਗੁਰਦਵਾਰਾ ਸਾਹਿਬਾਨ ਅੰਦਰ ਵੱਧ ਤੋਂ ਵੱਧ ਹਰਿਆਵਲ ਪੈਦਾ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਤੌਰ 'ਤੇ ਗੁਰੂ ਕੇ ਬਾਗ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ।

ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਗਮਲਿਆ ਅੰਦਰ ਅੰਬ ਦੇ ਬੂਟੇ ਲਗਾਉਣ ਸਮੇਂ ਡਾ. ਰੂਪ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਮੁਖਤਾਰ ਸਿੰਘ ਅਤੇ ਹੋਰ।

ਇਥੇ ਰਵਾਇਤੀ ਕਿਸਮ ਦੇ ਬੂਟਿਆਂ ਤੋਂ ਇਲਾਵਾ ਫੁੱਲ ਅਤੇ ਫ਼ਲਾਂ ਵਾਲੇ ਪੌਦੇ ਵੀ ਲਗਾਏ ਗਏ ਹਨ। ਅੰਬ, ਚੋਰਸੀਆ, ਕੇਸੀਆ, ਸੀਏਮਾ, ਬੋਹੀਨੀਆ, ਬਲੈਕੀਨਾ, ਚਕਰੇਸੀਆ, ਚੰਦਨ, ਨਿੰਮ, ਅੰਜੀਰ, ਆੜੂ, ਅਖਰੋਟ, ਬਦਾਮ, ਰੀਠਾ, ਕਾਲਾ ਅਮਰੂਦ, ਸੰਤਰਾ, ਚੀਲ ਆਦਿ ਵਿਸ਼ੇਸ਼ ਹਨ। ਇਥੇ 486 ਕਿਸਮ ਦੇ ਗੁਲਾਬ ਵੀ ਖੇੜਾ ਵੰਡ ਰਹੇ ਹਨ। ਹਾਲ ਹੀ ਵਿਚ ਹਰੜ ਤੇ ਜਾਮੁਨ ਆਦਿ ਦੇ ਬੂਟੇ ਵੀ ਲਗਾਏ ਹਨ।  ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਵੱਡੇ ਗਮਲਿਆਂ ਅੰਦਰ ਵੀ ਬੂਟੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਗਮਲਿਆਂ 'ਚ ਅੱਜ ਹੋਰ ਅੰਬ ਦੇ ਬੂਟੇ ਲਗਾਏ ਗਏ ਹਨ। ਮੁੱਖ ਸਕੱਤਰ ਅਨੁਸਾਰ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਦੀ ਪਰਕਰਮਾਂ ਵਿਚ ਵੀ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਜਾ ਚੁੱਕੇ ਹਨ।

ਇਸੇ ਤਹਿਤ ਹੀ ਹੁਣ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਕਰਮਾ ਵਿਚ 23 ਮਈ ਨੂੰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਮੌਜੂਦਗੀ ਵਿਚ ਬੂਟੇ ਲਗਾਏ ਜਾਣਗੇ। ਮੰਤਵ ਇਹ ਹੈ ਕਿ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਨੂੰ ਸ਼ੁੱਧ ਵਾਤਾਵਰਨ ਮਿਲੇ ਅਤੇ ਪਰਕਰਮਾ ਕਰਦਿਆਂ ਤਪਸ਼ ਤੋਂ ਬਚਿਆ ਜਾ ਸਕੇ।  ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲਿਆਂ ਵਲੋਂ ਬੂਟਿਆਂ ਲਈ ਵੱਡ-ਅਕਾਰੀ ਟੋਏ ਬਣਾਏ ਗਏ ਹਨ। ਜਲਦ ਹੀ ਹੋਰਨਾਂ ਗੁਰਦੁਆਰਾ ਸਾਹਿਬਾਨ ਅੰਦਰ ਵੀ ਬੂਟੇ ਲਗਾਉਣ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਗਮਲਿਆਂ ਅੰਦਰ ਬੂਟੇ ਲਗਾਉਣ ਸਮੇਂ ਡਾ. ਰੂਪ ਸਿੰਘ ਤੋਂ ਇਲਾਵਾ ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਸਕੱਤਰ ਸਿੰਘ ਤੇ ਸ. ਗੁਰਮੀਤ ਸਿੰਘ ਬੁੱਟਰ, ਮੈਨੇਜਰ ਸ. ਮੁਖਤਾਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਾਲ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਆਦਿ ਮੌਜੂਦ ਸਨ।