ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਤਿੰਨ ਗੱਡੀਆਂ ਰਵਾਨਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਸੰਕਟ ਦੇ ਚਲਦੇ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ
ਅੰਮ੍ਰਿਤਸਰ, 20 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਸੰਕਟ ਦੇ ਚਲਦੇ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਦੀ ਪਹਿਲ ਕੀਤੀ ਗਈ ਸੀ, ਜੋ ਕਿ ਇਸ ਮੌਕੇ ਅਪਣੇ ਪਰਵਾਰ ਕੋਲ ਜਾਣਾ ਚਾਹੁੰਦੇ ਹਨ। ਇਸ ਕੋਸ਼ਿਸ਼ ਤਹਿਤ ਅੱਜ ਅੰਮ੍ਰਿਤਸਰ ਤੋਂ ਦਾਨਾਪੁਰ (ਬਿਹਾਰ) ਲਈ ਰੇਲਗੱਡੀ 12 ਵਜੇ ਜਿਸ ਵਿਚ 1200 ਯਾਤਰੀ, ਅੰਮ੍ਰਿਤਸਰ ਤੋਂ ਗੌਂਡਾ (ਉੱਤਰ ਪ੍ਰਦੇਸ਼) ਲਈ ਤਿੰਨ ਵਜੇ ਜਿਸ ਵਿਚ 1145 ਯਾਤਰੀ ਅਤੇ ਅੰਮ੍ਰਿਤਸਰ ਤੋਂ ਸੁਲਤਾਨਪੁਰ (ਉੱਤਰ ਪ੍ਰਦੇਸ਼) ਲਈ ਸ਼ਾਮ 6 ਵਜੇ ਜਿਸ ਵਿਚ 1150 ਯਾਤਰੀ ਰਵਾਨਾ ਹੋਏ।
ਇਸ ਮੌਕੇ ਯਾਤਰੂਆਂ ਵਲੋਂ ਪੰਜਾਬ ਸਰਕਾਰ ਦਾ ਧਨਵਾਦ ਕੀਤਾ ਗਿਆ। ਸ: ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਸਿਆ ਕਿ ਲਾਕਡਾਊਨ ਮੌਕੇ ਪੰਜਾਬ ਵਿਚੋਂ ਚੱਲ ਰਹੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਦਾ ਖਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ ਅਤੇ ਪ੍ਰਵਾਸੀਆਂ ਨੂੰ ਉਨਾਂ ਦੇ ਘਰਾਂ ਤੋਂ ਲੈ ਕੇ ਸਿਹਤ ਨਿਰੀਖਣ ਅਤੇ ਰੇਲ ਗੱਡੀ ਵਿਚ ਸਵਾਰ ਹੋਣ ਤਕ ਸਾਰਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤਾ ਗਿਆ।
ਘਰ ਜਾ ਰਹੇ ਪ੍ਰਵਾਸੀਆਂ ਨੇ ਵੀ ਇੰਨਾਂ ਯਤਨਾਂ ਲਈ ਮੁੱਖ ਮੰਤਰੀ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸ਼ਨ ਦਾ ਧਨਵਾਦ ਕੀਤਾ, ਜਿੰਨਾ ਦੀ ਸਹਾਇਤਾ ਨਾਲ ਉਹ ਸੁਖੀ-ਸਾਂਦੀ ਅਪਣੇ ਘਰ ਪਰਤਣਗੇ। ਇਹ ਰੇਲ ਗੱਡੀਆਂ ਅਜੇ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਤੇ ਜਿੰਨਾ ਪ੍ਰਵਾਸੀਆਂ ਨੇ ਪੰਜਾਬ ਸਰਕਾਰ ਦੀ ਵੈਬ ਸਾਇਟ ਉਤੇ ਘਰ ਜਾਣ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਉਨਾਂ ਦੇ ਫੋਨ ਉਤੇ ਸੰਦੇਸ਼ ਭੇਜ ਕੇ ਰੇਲ ਗੱਡੀ ਵਿਚ ਚੜਨ ਲਈ ਸੱਦਿਆ ਜਾ ਰਿਹਾ ਹੈ।
ਕਿਧਰੇ ਭੀੜ ਨਹੀਂ ਪੈਂਦੀ ਅਤੇ ਹਰ ਕੋਈ ਅਪਣੀ ਵਾਰੀ ਨਾਲ ਆ ਕੇ ਰੇਲ ਗੱਡੀ ਵਿਚ ਸਵਾਰ ਹੋ ਰਿਹਾ ਹੈ। ਸਫ਼ਰ ਤੋਂ ਪਹਿਲਾਂ ਸਾਰੇ ਪ੍ਰਵਾਸੀਆਂ ਦੀ ਸਿਹਤ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਕਿ ਕਿਧਰੇ ਵੀ ਕੋਵਿਡ 19 ਤੋਂ ਪੀੜਤ ਨਾ ਹੋਵੇ, ਜਿਸ ਕਾਰਨ ਵਾਇਰਸ ਨੂੰ ਅੱਗੇ ਫੈਲਣ ਵਿਚ ਮਦਦ ਮਿਲੇ।