ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ 'ਚ ਹੋਈ 192 ਮਰੀਜ਼ਾਂ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਸੂਬੇ ਵਿਚ ਹੁਣ ਤੱਕ 5,23,499 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜਿਨ੍ਹਾਂ ਵਿਚੋਂ 4,43,667 ਰਿਕਵਰ ਅਤੇ 12,717 ਮਰੀਜ਼ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ

Corona Virus

ਚੰਡੀਗੜ੍ਹ – ਕੋਰੋਨਾ ਵਾਇਰਸ ਦੀ ਲਾਗ ਪੰਜਾਬ ਵਿਚ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਪੰਜਾਬ ਵਿਚ ਪਿਛਲੇ 24 ਘੰਟਿਆਂ ਵਿਚ 192 ਹੋਰ ਮਰੀਜ਼ ਕੋਰੋਨਾ ਦੀ ਜੰਗ ਹਾਰ ਗਏ ਹਨ ਅਤੇ 5546 ਨਵੇਂ ਕੇਸ ਪਾਏ ਗਏ ਹਨ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਲੁਧਿਆਣਾ 'ਚ 26, ਬਠਿੰਡਾ 'ਚ 21, ਮੋਹਾਲੀ ਵਿਚ 20 ਅਤੇ ਸੰਗਰੂਰ ਅਤੇ ਫਾਜ਼ਿਲਕਾ ਵਿਚ 12-12 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜਿਆ।

ਸੂਬੇ ਵਿਚ ਹੁਣ ਤੱਕ 5,23,499 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜਿਨ੍ਹਾਂ ਵਿਚੋਂ 4,43,667 ਰਿਕਵਰ ਅਤੇ 12,717 ਮਰੀਜ਼ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 67,115 ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕੱਲ੍ਹ ਪੰਜਾਬ ਵਿੱਚ ਕੋਰੋਨਾ ਦੇ ਪ੍ਰਕੋਪ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਕੁਝ ਅਹਿਮ ਐਲਾਨ ਕੀਤੇ ਹਨ।ਜਿਸ ਦੇ ਤਹਿਤ ਕੋਰੋਨਾ ਮਹਾਮਾਰੀ ਕਰਕੇ ਮਾਪੇ ਗੁਆਉਣ ਵਾਲੇ ਅਨਾਥ ਬੱਚਿਆਂ ਨੂੰ ਇੱਕ ਜੁਲਾਈ ਤੋਂ 1500 ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਅਨਾਥ ਬੱਚਿਆਂ ਨੂੰ 21 ਸਾਲ ਦੀ ਉਮਰ ਹੋਣ ਤੱਕ ਇਹ ਰਾਹਤ ਮੁਹੱਈਆ ਕਰਵਾਈ ਜਾਵੇਗੀ।

ਪੀੜਤ ਵਿਅਕਤੀ ਇਕ ਜੁਲਾਈ ਤੋਂ ਸੂਬੇ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਮੁਫ਼ਤ ਰਾਸ਼ਨ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਲਈ ਵੀ ਹੱਕਦਾਰ ਹੋਣਗੇ।ਸੂਬਾ ਸਰਕਾਰ ਪੀੜਤ ਪਰਿਵਾਰਕ ਮੈਂਬਰਾਂ ਨੂੰ 'ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ' ਤਹਿਤ ਢੁੱਕਵੀਂ ਨੌਕਰੀ ਦਵਾਉਣ ਵਿੱਚ ਵੀ ਸਹਾਇਤਾ ਕਰੇਗੀ।