ਮੋਗਾ ਦੇ ਪਿੰਡ ਲੰਗੇਆਣਾ ਵਿਚ ਲੜਾਕੂ ਜਹਾਜ਼ ਮਿਗ-21 ਹਾਦਸਾਗ੍ਰਸਤ, ਪਾਇਲਟ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਜਹਾਜ਼ ਨੇ ਰਾਜਸਥਾਨ ਦੇ ਸੂਰਤਗੜ੍ਹ ਏਅਰਬੇਸ ਤੋਂ ਉਡਾਣ ਭਰੀ ਸੀ।

MiG-21 aircraft of IAF crashes in Punjab's Moga

ਮੋਗਾ(ਦਲੀਪ ਕੁਮਾਰ) ਮੋਗਾ ਦੇ ਲੰਗਿਆਣਾ ਪਿੰਡ 'ਚ ਵੀਰਵਾਰ ਦੇਰ ਰਾਤ ਭਾਰਤੀ ਹਵਾਈ ਫ਼ੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ। ਇਸ ਜਹਾਜ਼ ਨੇ ਰਾਜਸਥਾਨ ਦੇ ਸੂਰਤਗੜ੍ਹ ਏਅਰਬੇਸ ਤੋਂ ਉਡਾਣ ਭਰੀ ਸੀ।

ਜਗਰਾਓਂ ਨੇੜੇ ਪ੍ਰੈਕਟਿਸ ਕਰਕੇ ਇਹ ਜਹਾਜ਼ ਵਾਪਸ ਸੂਰਤਗੜ੍ਹ ਜਾ ਰਿਹਾ ਸੀ। ਇਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਦੀ ਖ਼ਬਰ ਪਤਾ ਲੱਗਣ 'ਤੇ ਬਠਿੰਡਾ ਏਅਰਫ਼ੋਰਸ ਸਟੇਸ਼ਨ ਅਤੇ ਹਲਵਾਰਾ ਏਅਰ਼ੋਰਸ ਸਟੇਸ਼ਨ ਤੋਂ ਹਵਾਈ ਟੀਮਾਂ ਪਹੁੰਚ ਗਈਆਂ। ਇਹ ਜਹਾਜ਼ ਪਿੰਡ ਦੇ ਘਰਾਂ ਤੋਂ ਲਗਭਗ 500 ਮੀਟਰ ਦੂਰੀ 'ਤੇ ਡਿੱਗਿਆ। ਜਹਾਜ਼ ਡਿਗਣ ਮਗਰੋਂ ਪਾਇਲਟ ਅਭਿਨਵ ਚੌਧਰੀ ਲਾਪਤਾ ਹੋ ਗਏ। ਲਗਭਗ 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਖੇਤਾਂ 'ਚੋਂ ਮਿਲੀ।

ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਕੁਝ ਤਕਨੀਕੀ ਖਰਾਬੀ ਆਉਣ ਕਰਕੇ ਪਾਇਲਟ ਵਿੰਗ ਕਮਾਂਡਰ ਅਭਿਨਵ ਚੌਧਰੀ ਨੇ ਕਰੈਸ਼ ਲੈਂਡਿੰਗ ਤੋਂ ਪਹਿਲਾਂ ਪੈਰਾਸ਼ੂਟ ਰਾਹੀਂ ਜਹਾਜ਼ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ। ਉਸ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਮਿਲੀ ਹੈ।

ਪਿੰਡ ਵਾਸੀਆਂ ਮੁਤਾਬਕ ਜਹਾਜ਼ ਐਨੀ ਜ਼ੋਰ ਨਾਲ ਖੇਤਾ ਵਿੱਚ ਡਿੱਗਿਆ ਕਿ ਵੱਡੇ ਧਮਾਕੇ ਦੇ ਨਾਲ ਹੀ ਉਸਦੇ ਚੀਥੜੇ ਉਡ ਗਏ ਤੇ ਉਸ ਨੂੰ ਅੱਗ ਲੱਗ ਗਈ। ਫਾਇਰ ਬਿਗ੍ਰੇਡ ਤੇ ਲੋਕਾਂ ਦੇ ਸਹਿਯੋਗ ਨਾਲ ਜਹਾਜ਼ ਨੂੰ ਲੱਗੀ ਅੱਗ ਦੀਆਂ ਲਪਟਾਂ ਉੱਤੇ ਕਾਫੀ ਮੁਸ਼ੱਕਤ ਨਾਲ ਕਾਬੂ ਪਾਇਆ।

ਲੋਕਾਂ ਅਨੁਸਾਰ ਜਹਾਜ਼ ਜਿਸ ਥਾਂ ਖੇਤਾਂ ਵਿੱਚ ਡਿੱਗਿਆ ਉਥੇ ਕਰੀਬ 20 ਫੁੱਟ ਡੂੰਘਾ ਟੋਇਆ ਪੈ ਗਿਆ। ਜਹਾਜ਼ ਦੇ ਕਈ ਹਿੱਸੇ ਦੂਰ 10 ਫੁੱਟ ਜਾ ਕੇ ਡਿੱਗੇ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਜੀਐੱਸ ਚੌਹਾਨ ਤੇ ਹੋਰਨਾਂ ਨੇ ਮੌਕੇ ਉੱਤੇ ਪੁੱਜ ਕੇ ਜਾਇਜ਼ਾ ਲਿਆ। ਸੂਤਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਨੇ ਹਾਦਸੇ ਦੀ ਜਾਂਚ ਵਿੱਢ ਦਿੱਤੀ ਹੈ