ਕੋਰੋਨਾ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ
ਕੋਰੋਨਾ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ
ਕੋਵਿਡ 19 ਦੀ ਲਾਗ ਨੂੰ ਘੱਟ ਕਰਨ ਲਈ ਹਵਾਦਾਰ ਥਾਂ ਅਹਿਮ
ਨਵੀਂ ਦਿੱਲੀ, 20 ਮਈ : ਕੋਰੋਨਾ ਮਹਾਂਮਾਰੀ ਕਾਰਨ ਦੁਨੀਆਂ ਭਰ ’ਚ ਫੈਲੇ ਲਾਗ ਦੇ ਕਹਿਰ ਨੂੰ ਦੇਖਦਿਆਂ ਵੀਰਵਾਰ ਨੂੰ ਭਾਰਤ ਸਰਕਾਰ ਵਲੋਂ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਜਿਸ ’ਚ ਬਿਹਤਰ ਰੋਸ਼ਨਦਾਨਾਂ ਨੂੰ ਅਹਿਮ ਦਸਿਆ ਗਿਆ ਹੈ। ਇਸ ਵਿਚ ਦਸਿਆ ਗਿਆ ਕਿ ਇਨਫੈਕਟਿਡ ਹਵਾ ’ਚ ਕੋਵਿਡ 19 ਦੇ ਵਾਇਰਸ ਦਾ ਪ੍ਰਕੋਪ ਘੱਟ ਕਰਨ ਲਈ ਖੁੱਲ੍ਹੀ ਹਵਾਦਾਰ ਥਾਂ ਅਹਿਮ ਭੂਮਿਕਾ ਨਿਭਾ ਸਕਦੀ ਹੈ ਅਤੇ ਇਕ ਪੀੜਤ ਵਿਅਕਤੀ ਤੋਂ ਦੂਜੇ ’ਚ ਵਾਇਰਸ ਦੇ ਫੈਲਣ ਦੇ ਖ਼ਤਰੇ ਨੂੰ ਘੱਟ ਕਰ ਸਕਦੀ ਹੈ। ਇਸ ਮੁਤਾਬਕ ਖ਼ਰਾਬ ਵੈਂਟੀਲੇਸ਼ਨ ਵਾਲੇ ਘਰਾਂ ਤੇ ਦਫ਼ਤਰਾਂ ਆਦਿ ’ਚ ਵਾਇਰਸ ਵਾਲੀ ਇਨਫ਼ੈਕਟਿਡ ਹਵਾ ਰਹਿੰਦੀ ਹੈ। ਚੰਗੇ ਵੈਂਟੀਲੇਸ਼ਨ ਤੋਂ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਹ ਐਡਵਾਈਜ਼ਰੀ ਇਨਫੈਕਸ਼ਨ ਨੂੰ ਰੋਕਣ ਲਈ ਭਾਰਤ ਸਰਕਾਰ ਦੀ ਮੁੱਖ ਸਾਇੰਟੀਫਿਕ ਐਡਵਾਈਜ਼ਰੀ ਵਲੋਂ ਜਾਰੀ ਕੀਤੀ ਗਈ ਹੈ। ਇਸ ’ਚ ਮਾਸਕ, ਸਰੀਰਕ ਦੂਰੀ, ਸਫ਼ਾਈ ਤੇ ਵੈਂਟੀਲੇਸ਼ਨ ’ਤੇ ਜ਼ੋਰ ਦਿਤਾ ਗਿਆ ਹੈ।
ਪ੍ਰਧਾਨ ਵਿਗਿਆਨਕ ਸਲਾਹਕਾਰ ਕੇ.ਵਿਜੇ ਰਾਘਵਨ ਨੇ ਦਸਿਆ ਕਿ ਕਿਸੇ ਕੋਰੋਨਾ ਪੀੜਤ ਮਰੀਜ਼ ਦਾ ਸਲਾਈਵਾ, ਡਰਾਪਲੈਟ ਤੇ ਏਅਰੋਸਾਲ ਦੇ ਰੂਪ ’ਚ ਕੋਰੋਨਾ ਇਨਫੈਕਸ਼ਨ ਲਗਾਤਾਰ ਬਾਹਰ ਫੈਲਦਾ ਰਹਿੰਦਾ ਹੈ। ਡਰਾਪਲੈਟ 2 ਮੀਟਕ ਤਕ ਜਾ ਕੇ ਸਤਾਹ ’ਤੇ ਬੈਠ ਜਾਂਦਾ ਹੈ, ਉੱਥੇ ਏਅਰੋਸਾਲ 10 ਮੀਟਰ ਤਕ ਹਵਾ ’ਚ ਫੈਲ ਸਕਦਾ ਹੈ।
ਇਸ ਲਈ ਕੋਰੋਨਾ ਪੀੜਤ ਵਿਅਕਤੀ ਤੋਂ 10 ਮੀਟਰ ਦੂਰ ਰਹਿਣਾ ਚਾਹੀਦਾ। ਇਸ ’ਚ ਇਹ ਉਦਾਹਰਨ ਦਿਤਾ ਗਿਆ ਹੈ ਕਿ ਜਿਸ ਤਰ੍ਹਾਂ ਕਿਸੇ ਤਰ੍ਹਾਂ ਦੀ ਮੁਸ਼ਕ ਨੂੰ ਦੂਰ ਕਰਨ ਲਈ ਅਸੀਂ ਘਰਾਂ ’ਚ ਖਿੜਕੀਆਂ ਖੋਲ੍ਹ ਦਿੰਦੇ ਹਾਂ ਤੇ ਐਗਜ਼ਾਸਟ ਸਿਸਟਮ ਦਾ ਇਸਤੇਮਾਲ ਕਰਦੇ ਹਾਂ, ਉਸੇ ਤਰ੍ਹਾਂ ਇਨਫੈਕਟਿਡ ਹਵਾ ਨੂੰ ਸ਼ੁੱਧ ਕਰਨ ਲਈ ਵੈਂਟੀਲੇਸ਼ਨ ਵਧੀਆ ਹੱਲ ਹੈ।
ਐਡਵਾਈਜ਼ਰੀ ’ਚ ਵੈਂਟੀਲੇਸ਼ਨ ਨੂੰ ਕਮਿਊਨਿਟੀ ਡਿਫੈਂਸ ਕਰਾਰ ਦਿੰਦਿਆਂ ਕਿਹਾ ਕਿ ਇਹ ਸਾਨੂੰ ਘਰਾਂ ਤੇ ਦਫ਼ਤਰਾਂ ’ਚ ਇਨਫੈਕਸ਼ਨ ਦੇ ਖਤਰੇ ਤੋਂ ਬਚਾਏਗਾ। ਨਾਲ ਹੀ ਕ੍ਰਾਸ ਵੈਂਟੀਲੇਸ਼ਨ ਯਾਨੀ ਅੰਦਰ ਆਉਣ ਵਾਲੀ ਹਵਾ ਦਾ ਬਾਹਰ ਨਿਕਲਣਾ ਤੇ ਐਗਜਾਸਟ ਫੈਨ ਦੀ ਭੂਮਿਕਾ ਨੂੰ ਇਨਫੈਕਸ਼ਨ ਤੋਂ ਬਚਾਅ ਲਈ ਮਹਤੱਵਪੂਰਨ ਦਸਿਆ ਗਿਆ ਹੈ। ਇਸ ਮੁਤਾਬਕ, ਇਨਫੈਕਟਿਡ ਮਰੀਜ਼ ਦੇ ਖੰਘਣ, ਛਿੱਕਣ ਜਾਂ ਕਿਸੇ ਹੋਰ ਤਰੀਕੇ ਨਾਲ ਨਿਕਲੇ ਡਰਾਪਲੈਟਸ ਰਾਹੀਂ ਕੋਰੋਨਾ ਵਾਇਰਸ ਹਵਾ ’ਚ ਪਹੁੰਚ ਜਾਂਦਾ ਹੈ। ਬਗ਼ੈਰ ਲੱਛਣਾਂ ਵਾਲੇ ਕੋਵਿਡ ਪਾਜ਼ੇਟਿਵ ਵਿਅਕਤੀ ਤੋਂ ਵੀ ਇਨਫੈਕਸ਼ਨ ਫੈਲ ਸਕਦਾ ਹੈ। ਲੋਕਾਂ ਲਈ ਮਾਸਕ ਪਾਉਣਾ ਜ਼ਰੂਰੀ ਹੈ, ਉਹ ਵੀ ਡਬਲ ਮਾਸਕ ਜਾਂ 95 ਮਾਸਕ। (ਏਜੰਸੀ)