ਲੁਧਿਆਣਾ 'ਚ ਕਰਫ਼ਿਊ ਦੇ ਨਵੇਂ ਹੁਕਮ ਜਾਰੀ, 24 ਮਈ ਤੋਂ ਹੋਣਗੇ ਲਾਗੂ 

ਏਜੰਸੀ

ਖ਼ਬਰਾਂ, ਪੰਜਾਬ

ਇਹ ਸਾਰੀਆਂ ਪਾਬੰਦੀਆਂ 31 ਮਈ ਤੱਕ ਲਾਗੂ ਰਹਿਣਗੀਆਂ

New curfew orders issued in Ludhiana

ਲੁਧਿਆਣਾ : ਲੁਧਿਆਣਾ 'ਚ ਲੱਗੇ ਕਰਫ਼ਿਊ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਮੁਤਾਬਕ ਜ਼ਿਲ੍ਹੇ 'ਚ ਲਾਏ ਜਾਣ ਵਾਲੇ ਕਰਫ਼ਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ। ਨਵੇਂ ਹੁਕਮਾਂ ਮੁਤਾਬਕ 24 ਮਈ ਤੋਂ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰੋਜ਼ਾਨਾ ਕਰਫ਼ਿਊ ਹੁਣ ਦੁਪਹਿਰ ਇਕ ਵਜੇ ਲਾਇਆ ਜਾਵੇਗਾ। ਇਸ ਦੌਰਾਨ ਸਾਰੀਆਂ ਦੁਕਾਨਾਂ, ਸਾਰੇ ਨਿੱਜੀ ਦਫ਼ਤਰ ਅਤੇ ਸਾਰੇ ਨਿੱਜੀ ਅਦਾਰਿਆਂ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਫ਼ਿਊ ਤੋਂ ਛੋਟ ਹੋਵੇਗੀ।

ਇਸ ਦੌਰਾਨ ਸਾਰੇ ਰੈਸਟੋਰੈਂਟ, ਕੈਫੇ, ਕਾਫ਼ੀ ਦੀਆਂ ਦੁਕਾਨਾਂ, ਫਾਸਟ ਫੂਡ ਆਊਟਲੈੱਟ, ਢਾਬਾ, ਬੇਕਰੀ, ਹਲਵਾਈ ਵਗੈਰਾ ਦੀਆਂ ਦੁਕਾਨਾਂ 'ਚ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ। ਖਰੀਦ ਕੇ ਸਮਾਨ ਲਿਜਾਣ ਦੀ ਮਨਜ਼ੂਰੀ ਉਪਰੋਕਤ ਸਮੇਂ ਮੁਤਾਬਕ 1 ਵਜੇ ਤੱਕ ਹੋਵੇਗੀ। ਪੱਕੇ ਹੋਏ ਭੋਜਨ ਦੀ ਹੋਮ ਡਿਲਵਰੀ ਰਾਤ 8 ਵਜੇ ਤੱਕ ਕੀਤੀ ਜਾ ਸਕਦੀ ਹੈ। ਰਾਤ 8 ਵਜੇ ਤੋਂ ਬਾਅਦ ਹੋਮ ਡਲਿਵਰੀ ਨਹੀਂ ਹੋਵੇਗੀ।

ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਰਾਤ 8 ਵਜੇ ਤੱਕ ਘਰੋ-ਘਰੀ ਪਾਰਸਲ ਆਦਿ ਦੀ ਵੰਡੀ ਕਰਨ ਦੀ ਮਨਜ਼ੂਰੀ ਹੋਵੇਗੀ। ਡਿਲਵਰੀ ਕਰਦੇ ਹੋਏ ਕਰਫ਼ਿਊ ਪਾਸ ਹੋਣਾ ਜ਼ਰੂਰੀ ਹੋਵੇਗਾ। ਇਹ ਸਾਰੀਆਂ ਪਾਬੰਦੀਆਂ 31 ਮਈ ਤੱਕ ਲਾਗੂ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਆਪਣੇ ਨਵੇਂ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਜਿਹੜੇ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲਘੰਣਾ ਕਰਨਗੇ ਤਾਂ ਅਜਿਹੇ ਦੁਕਾਨਦਾਰਾਂ ਨੂੰ ਅਹਿਤਿਆਤਨ ਕਰਫ਼ਿਊ ਲਾਗੂ ਰਹਿਣ ਦੀ ਆਖ਼ਰੀ ਤਾਰੀਖ਼ ਤੱਕ ਬੰਦ ਕਰ ਦਿੱਤਾ ਜਾਵੇਗਾ। ਵੀਕੈਂਡ ਲਾਕਡਾਊਨ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਪਹਿਲਾ ਦੀ ਤਰ੍ਹਾਂ ਹੀ ਜਾਰੀ ਰਹੇਗਾ।